ਲੰਗਰ ''ਤੇ ਜੀ. ਐੱਸ. ਟੀ. ਦਾ ਬਕਾਇਆ ਨਾ ਦੇਣਾ ਕੈਪਟਨ ਨੂੰ ਸ਼ੋਭਾ ਨਹੀਂ ਦਿੰਦਾ : ਮਜੀਠੀਆ

09/24/2019 12:11:28 AM

ਚੰਡੀਗੜ੍ਹ (ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਹੈ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸੂਬੇ ਦੇ ਬਾਕੀ ਧਾਰਮਿਕ ਸੰਸਥਾਨਾਂ ਲਈ ਲੰਗਰ 'ਤੇ ਸਟੇਟ ਜੀ. ਐੱਸ. ਟੀ. ਦਾ ਹਿੱਸਾ ਰੀਫੰਡ ਕਰਨ ਦੇ ਵਾਅਦੇ ਤੋਂ ਮੁੱਕਰ ਕੇ ਪੁਰਾਣੇ ਅਪਰਾਧੀਆਂ ਵਾਂਗ ਵਰਤਾਓ ਕਰ ਰਿਹਾ ਹੈ।

ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਅਜਿਹੇ ਬਿਆਨ ਦੇ ਕੇ ਸਿੱਖ ਸੰਗਤ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰੇ ਕਿ ਐੱਸ. ਜੀ. ਪੀ. ਸੀ. ਨੂੰ ਦੇਣ ਵਾਸਤੇ ਲੰਗਰ ਉੱਤੇ ਸਟੇਟ ਜੀ. ਐੱਸ. ਟੀ. ਰੀਫੰਡ ਦਾ ਪੈਸਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕੋਲ ਪਹੁੰਚਾ ਦਿੱਤਾ ਗਿਆ ਹੈ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਪੈਸਾ ਜਾਰੀ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਹੋਰ ਕੀ ਉਮੀਦ ਕਰ ਸਕਦੇ ਹੋ, ਜਿਸ ਨੇ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਝੂਠੀ ਸਹੁੰ ਖਾਧੀ ਹੋਵੇ।

ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਬੰਦਾ ਵਾਰ-ਵਾਰ ਝੂਠ ਬੋਲਦਾ ਫੜਿਆ ਜਾ ਚੁੱਕਾ ਹੋਵੇ, ਉਹ ਕਾਂਗਰਸ ਸਰਕਾਰ ਨੂੰ ਜੀ. ਐੱਸ. ਟੀ. ਰੀਫੰਡ ਦਾ ਵਾਅਦਾ ਪੂਰਾ ਕਰਨ ਲਈ ਕਹਿਣ ਵਾਲੀ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਝੂਠਾ ਕਰਾਰ ਦੇ ਰਿਹਾ ਹੈ। ਮੁੱਖ ਮੰਤਰੀ ਦੀ ਮੀਡੀਆ ਟੀਮ ਇਹ ਸਵੀਕਾਰ ਕਰਨ ਲਈ ਵਧਾਈ ਦੀ ਹੱਕਦਾਰ ਹੈ ਕਿ 3.27 ਕਰੋੜ ਰੁਪਏ ਦਾ ਬਕਾਇਆ ਜੀ. ਐੱਸ. ਟੀ. ਰੀਫੰਡ ਅਜੇ ਤਕ ਐੱਸ. ਜੀ. ਪੀ. ਸੀ. ਨੂੰ ਨਹੀਂ ਦਿੱਤਾ ਗਿਆ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਬੀਬਾ ਬਾਦਲ ਨੇ ਮੁੱਖ ਮੰਤਰੀ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਕਹਿ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਪ੍ਰਗਟਾਇਆ ਸੀ। ਇਹ ਵਾਅਦਾ ਪੂਰਾ ਕਰਨ ਦੀ ਥਾਂ ਮੁੱਖ ਮੰਤਰੀ ਨੇ ਇਕ ਲੰਬੀ ਕਹਾਣੀ ਸੁਣਾ ਦਿੱਤੀ, ਜਿਸ ਦਾ ਤੱਤ ਇਹ ਸੀ ਕਿ ਜੀ. ਐੱਸ. ਟੀ. ਰੀਫੰਡ ਲਈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਮਹੀਨਿਆਂ ਤੋਂ ਇਹ ਪੈਸਾ ਐੱਸ. ਜੀ. ਪੀ. ਸੀ. ਨੂੰ ਜਾਰੀ ਨਹੀਂ ਕੀਤਾ ਹੈ।
ਇਹ ਕਹਿੰਦਿਆਂ ਕਿ ਇਕ ਕੇਂਦਰੀ ਮੰਤਰੀ ਅਤੇ ਪੰਜਾਬ ਦੀ ਧੀ ਨਾਲ ਅਜਿਹਾ ਸਲੂਕ ਕਰਨਾ ਬਿਲਕੁੱਲ ਹੀ ਗਲਤ ਸੀ, ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਨਕਲੀ ਰੋਜ਼ਗਾਰ ਮੇਲਿਆਂ ਵਿਚ ਨੌਕਰੀ ਦੇਣਾ ਤਾਂ ਦੂਰ ਦੀ ਗੱਲ ਹੈ, ਸੱਚਾਈ ਇਹ ਹੈ ਕਿ ਕੱਲ ਜਦੋਂ ਬੇਰੋਜ਼ਗਾਰ ਨੌਜਵਾਨ ਸੰਗਰੂਰ ਵਿਖੇ ਕਾਂਗਰਸ ਸਰਕਾਰ ਨੂੰ ਉਨ੍ਹਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਇਕੱਠੇ ਹੋਏ ਸਨ ਤਾਂ ਉੁਨ੍ਹਾਂ 'ਤੇ ਲਾਠੀਚਾਰਜ ਕੀਤਾ ਗਿਆ।

Karan Kumar

This news is Content Editor Karan Kumar