ਦੀਵਾਲੀ ਦੀ ਰਾਤ ਵਾਪਰੇ 3 ਅਗਨੀਕਾਂਡ

10/21/2017 5:26:17 PM

ਫਗਵਾੜਾ(ਜਲੋਟਾ)— ਦੀਵਾਲੀ ਦੀ ਰਾਤ ਸ਼ਹਿਰ ਵਿਚ ਇਕ ਦੇ ਬਾਅਦ ਇਕ ਕਰਕੇ 3 ਅਗਨੀਕਾਂਡ ਵਾਪਰੇ। ਜਾਣਕਾਰੀ ਅਨੁਸਾਰ ਫਗਵਾੜਾ-ਨਕੋਦਰ ਰੋਡ 'ਤੇ ਸਤਨਾਮਪੁਰਾ ਇਲਾਕੇ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐੱਮ. ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਏ. ਟੀ. ਐੱਮ. ਤਹਿਸ-ਨਹਿਸ ਹੋ ਗਿਆ। ਉਥੇ ਹੀ ਉਕਤ ਕਮਰੇ ਵਿਚ ਮੌਜੂਦ ਏ. ਸੀ., ਸੀ. ਪੀ. ਯੂ., ਸਾਇਰਨ, ਬੈਟਰੀਆਂ, ਸੀ. ਸੀ. ਟੀ. ਵੀ. ਕੈਮਰਾ ਅਤੇ ਹੋਰ ਕੀਮਤੀ ਸਾਮਾਨ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਲੱਗੀ। ਏ. ਟੀ. ਐੱਮ. ਵਿਚ ਮੌਜੂਦ ਕੈਸ਼ ਕਿੰਨਾ ਸੜਿਆ, ਇਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਅੱਗ ਦਾ ਪਤਾ ਉਦੋਂ ਲੱਗਿਆ, ਜਦੋਂ ਬੈਂਕ ਏ. ਟੀ. ਐੱਮ. ਦੇ ਗਾਰਡ ਨੇ ਸ਼ਟਰ ਖੋਲ੍ਹਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। 
ਬਾਂਸਾਂ ਵਾਲੇ ਬਾਜ਼ਾਰ 'ਚ ਦੁਕਾਨਾਂ ਦੇ ਬਾਹਰ ਲੱਗੀ ਤਰਪਾਲਾਂ ਤੇ ਬਿਜਲੀ ਦੀਆਂ ਤਾਰਾਂ ਨੂੰ ਅੱਗ
ਇਸੇ ਤਰ੍ਹਾਂ ਬਾਂਸਾਂ ਵਾਲੇ ਬਾਜ਼ਾਰ ਵਿਚ ਕੁਝ ਦੁਕਾਨਾਂ ਦੇ ਬਾਹਰ ਤਰਪਾਲਾਂ ਤੇ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਲੱਗ ਗਈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਦੇ ਬਾਅਦ ਘਟਨਾ ਸਥਾਨ 'ਤੇ ਪਹੁੰਚੀ ਟੀਮ ਨੇ ਅੱਗ 'ਤੇ ਕਾਬੂ ਪਾਇਆ। 
ਮੁਹੱਲਾ ਡਡਲਾਂ 'ਚ ਪੁਰਾਣੇ ਬੰਦ ਘਰ ਨੂੰ ਲੱਗੀ ਅੱਗ
ਇਸੇ ਤਰ੍ਹਾਂ ਮੁਹੱਲਾ ਡਡਲਾਂ ਸਥਿਤ ਇਕ ਪੁਰਾਣੇ ਬੰਦ ਘਰ ਵਿਚ ਪਏ ਸਾਮਾਨ ਨੂੰ ਅੱਗ ਲੱਗ ਗਈ, ਜਿਸ ਨਾਲ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦੇ ਦਿੱਤੀ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ।