ਹਾਈਕੋਰਟ ਦੇ ਹੁਕਮਾਂ ਨੂੰ ਦਰ-ਕਿਨਾਰ ਕਰਕੇ ਅੱਧੀ ਰਾਤ ਤਕ ਚੱਲੇ ਪਟਾਕੇ

10/21/2017 1:13:22 PM

ਸੁਲਤਾਨਪੁਰ ਲੋਧੀ(ਸੋਢੀ)— ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦੀਵਾਲੀ ਵਾਲੇ ਦਿਨ ਸ਼ਾਮ 6.30 ਵਜੇ ਤੋਂ ਰਾਤ 9.30 ਵਜੇ ਤਕ ਪਟਾਕੇ ਚਲਾਉਣ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਸੁਲਤਾਨਪੁਰ ਲੋਧੀ ਨਗਰੀ 'ਚ ਕਈ ਥਾਵਾਂ 'ਤੇ ਰਾਤ 12 ਵਜੇ ਤਕ ਲੋਕਾਂ ਨੇ ਪਟਾਕੇ ਚਲਾਏ। ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਟੀਮਾਂ ਬਣਾ ਕੇ ਪਟਾਕੇ ਚਲਾਉਣ ਤੋਂ ਲੋਕਾਂ ਨੂੰ ਰੋਕਣ ਦੀਆਂ ਗੱਲਾਂ ਸਿਰਫ ਐਲਾਨ ਤੱਕ ਹੀ ਸੀਮਿਤ ਰਹੀਆਂ। 
ਦੂਜੇ ਪਾਸੇ ਸ਼ਹਿਰ ਤੇ ਇਲਾਕੇ ਦੇ ਸੂਝਵਾਨ ਲੋਕਾਂ ਵੱਲੋਂ ਇਸ ਵਾਰ ਬਹੁਤ ਹੀ ਛੋਟੇ ਤੇ ਘੱਟ ਪ੍ਰਦੂਸ਼ਣ ਵਾਲੇ ਪਟਾਕੇ ਚਲਾ ਕੇ ਦੀਵਾਲੀ ਮਨਾਈ ਗਈ, ਜਿਸ ਕਾਰਨ ਇਸ ਸਾਲ ਪਿਛਲੇ ਸਾਲ ਨਾਲੋਂ ਦੀਵਾਲੀ 'ਤੇ ਘੱਟ ਪ੍ਰਦੂਸ਼ਣ ਹੋਇਆ। ਦੀਵਾਲੀ ਦੇ ਤਿਉਹਾਰ ਦੌਰਾਨ ਵਾਤਾਵਰਣ ਪ੍ਰੇਮੀਆਂ ਵੱਲੋਂ ਗਰੀਨ ਦੀਵਾਲੀ ਮਨਾਉਣ ਦੇ ਕੀਤੇ ਗਏ ਸਾਰੇ ਯਤਨ ਆਤਿਸ਼ਬਾਜ਼ੀ ਦੇ ਧੂੰਏਂ 'ਚ ਉੱਡਦੇ ਦਿਖਾਈ ਦਿੱਤੇ। ਹਾਈਕੋਰਟ ਦੇ ਹੁਕਮਾਂ ਅਨੁਸਾਰ ਪ੍ਰਸ਼ਾਸਨ ਵਲੋਂ ਇਸ ਵਾਰ ਭਾਵੇਂ ਸੁਲਤਾਨਪੁਰ ਲੋਧੀ ਸ਼ਹਿਰ 'ਚ ਇਕ ਹੀ ਵਿਅਕਤੀ ਨੂੰ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਪਟਾਕੇ ਵੇਚਣ ਲਈ ਬੀ. ਡੀ. ਪੀ. ਓ. ਦਫਤਰ ਸੁਲਤਾਨਪੁਰ ਲੋਧੀ ਨੇੜਲੀ ਟੈਂਕੀ ਵਾਲੀ ਨਗਰ ਕੌਂਸਲ ਦੀ ਖਾਲੀ ਥਾਂ 'ਚ ਘੱਟੋ-ਘੱਟ 15-16 ਪਟਾਕੇ ਵੇਚਣ ਦੀਆਂ ਦੁਕਾਨਾਂ ਸਜੀਆਂ ਰਹੀਆਂ, ਜਿੱਥੋਂ ਲੋਕਾਂ ਨੇ ਦੱਬ ਕੇ ਪਟਾਕਿਆਂ ਦੀ ਖਰੀਦਦਾਰੀ ਕੀਤੀ। ਲੋਕਾਂ ਵੱਲੋਂ ਮਾਣਯੋਗ ਕੋਰਟ ਦੇ ਹੁਕਮਾਂ ਨੂੰ ਦਰ-ਕਿਨਾਰ ਕਰਦੇ ਹੋਏ ਦੇਰ ਰਾਤ ਤੱਕ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਗਈ। ਭਾਵੇਂ ਪੁਲਸ ਵਲੋਂ ਸ਼ਹਿਰ 'ਚ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਵਾਉਣ ਲਈ ਵਿਸ਼ੇਸ਼ ਯਤਨ ਕੀਤੇ ਗਏ ਪਰ ਸ਼ਹਿਰ 'ਚ ਕਈ ਥਾਵਾਂ 'ਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਵੇਖੀ ਗਈ ਤੇ ਪੁਲਸ-ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ।