ਸਾਵਧਾਨ! ਪਟਾਕੇ ਕਿਤੇ ਤੁਹਾਡੀ ਜ਼ਿੰਦਗੀ ''ਚ ਨਾ ਕਰ ਦੇਣ ਹਨ੍ਹੇਰਾ

11/04/2018 6:13:51 PM

ਸੁਲਤਾਨਪੁਰ ਲੋਧੀ (ਧੀਰ)— ਰੋਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦਾ ਹਰੇਕ ਵਰਗ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਹ ਤਿਉਹਾਰ ਚਾਰੇ ਪਾਸਿਓਂ ਹਨ੍ਹੇਰੇ ਨੂੰ ਮਿਟਾਉਂਦਾ ਹੋਇਆ ਦੀਵਿਆਂ ਦੀ ਰੋਸ਼ਨੀ, ਖੁਸ਼ੀ ਦਾ ਮਾਹੌਲ, ਪਟਾਕਿਆਂ ਦੀ ਗੂੰਜ ਅਤੇ ਆਪਣਿਆਂ ਦਾ ਪਿਆਰ ਨਜ਼ਰ ਆਉਂਦਾ ਹੈ। ਪਟਾਕਿਆਂ ਦੇ ਨਵੇਂ-ਨਵੇਂ ਧਮਾਕਿਆ ਦੀ ਗੂੰਜ ਵਾਲੇ ਵਧਦੇ ਕ੍ਰੇਜ਼ ਕਈ ਨੌਜਵਾਨਾਂ ਦੀ ਜ਼ਿੰਦਗੀ 'ਚ ਹਨ੍ਹੇਰਾ ਵੀ ਕਰ ਸਕਦੇ ਹਨ। ਹਾਲਾਂਕਿ ਪਟਾਕਿਆਂ ਤੋਂ ਬਿਨਾਂ ਦੀਵਾਲੀ ਦਾ ਮਜ਼ਾ ਨਹੀਂ ਆਉਂਦਾ ਪਰ ਪਟਾਕੇ ਚਲਾਉਣ ਸਮੇਂ ਵਰਤੀ ਗਈ ਥੋੜ੍ਹੀ ਜਿਹੀ ਲਾਪਰਵਾਹੀ ਸਾਰੀ ਉਮਰ ਲਈ ਪਛਤਾਵਾ ਬਣ ਸਕਦੀ ਹੈ। ਇਕ ਅੰਦਾਜ਼ੇ ਅਨੁਸਾਰ ਦੀਵਾਲੀ ਦੇ ਦਿਨ ਲੱਖਾਂ ਲੋਕ ਅੱਗ ਦੀ ਲਪੇਟ 'ਚ ਆ ਕੇ ਗੰਭੀਰ ਜਾਂ ਫਿਰ ਮਾਮੂਲੀ ਤੌਰ 'ਤੇ ਝੁਲਸ ਜਾਂਦੇ ਹਨ। ਪਟਾਕਿਆਂ 'ਚ ਮੌਜੂਦ ਵਿਸਫੋਟਕ ਰਸਾਇਣ ਨਾਲ ਹਰੇਕ ਸਾਲ 5 ਹਜ਼ਾਰ ਲੋਕ ਆਪਣੀਆਂ ਅੱਖਾਂ ਦੀ ਰੋਸ਼ਨੀ ਗੁਆ ਬੈਠਦੇ ਹਨ, ਜਿਸ 'ਚ 80 ਫੀਸਦੀ ਮਰਦ ਹੁੰਦੇ ਹਨ। ਪਟਾਕਿਆਂ 'ਚ ਕਈ ਹਾਨੀਕਾਰਕ ਗੈਸਾਂ ਤੋਂ ਇਲਾਵਾ ਕਾਪਰ, ਲੈਡ, ਕੈਡਮੀਅਮ, ਜਿੰਕ, ਸੋਡੀਅਮ, ਪੋਟਾਸ਼ੀਅਮ, ਮੈਗਨੀਜ ਵਰਗੇ ਭਾਰੀ ਤੱਤਾਂ ਦੇ ਨਾਲ-ਨਾਲ ਛੋਟੇ-ਛੋਟੇ ਕਣ ਵੀ ਹੁੰਦੇ ਹਨ ਜੋ ਹਵਾ 'ਚ ਘੁੱਲ ਕੇ ਇਸ ਨੂੰ ਜ਼ਹਰੀਲਾ ਬਣਾ ਦਿੰਦੇ ਹਨ ਅਤੇ ਸਾਹ ਨਾਲ ਇਹ ਤੱਤ ਫੇਫੜਿਆਂ 'ਚ ਚਲੇ ਜਾਂਦੇ ਹਨ, ਜਿਸ ਨਾਲ ਅਸਥਮਾ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਹੈ। ਸਾਵਧਾਨੀ ਅਤੇ ਸਮਝਦਾਰੀ ਨਾਲ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਦੀਵਾਲੀ ਦੇ ਤਿਉਹਾਰ ਨੂੰ ਮਨਾਉਂਦੇ ਸਮੇਂ ਤੇ ਪਟਾਕੇ ਚਲਾਉਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਨ ਦੀ ਲੋੜ ਹੈ।

ਪਟਾਕੇ ਚਲਾਉਂਦੇ ਸਮੇਂ ਇੰਝ ਵਰਤੋਂ ਸਾਵਧਾਨੀ
ਸਰੀਰ ਤੋਂ 2 ਜਾਂ ਢਾਈ ਫੁੱਟ ਦੀ ਦੂਰੀ 'ਤੇ ਪਟਾਕੇ ਚਲਾਓ। ਅਨਾਰ ਨੂੰ ਮਾਚਿਸ ਨਾਲ ਚਲਾਓ। ਢਿੱਲੇ ਕਪੜੇ ਨਾ ਪਾਓ, ਬੱਚਿਆਂ ਨੂੰ ਨਿਗਰਾਨੀ 'ਚ ਪਟਾਕੇ ਚਲਾਉਣ ਦਿਓ, ਪਾਣੀ ਦੀ ਬਾਲਟੀ ਪਟਾਕਿਆਂ ਵਾਲੀ ਥਾਂ 'ਤੇ ਰੱਖੋ, ਧੂੰਏ ਤੋਂ ਬਚਣ ਲਈ ਖਿੜਕੀ ਦਰਵਾਜੇ ਬੰਦ ਰੱਖੋ ਅਤੇ ਸੰਭਵ ਹੋ ਸਕੇ ਤਾਂ ਮੂੰਹ ਅਤੇ ਨੱਕ ਨੂੰ ਕੱਪੜੇ ਨਾਲ ਢੱਕ ਲਵੋ।

ਪਟਾਕਿਆਂ ਦਾ ਧੂੰਆ ਫੇਫੜਿਆਂ ਲਈ ਨੁਕਸਾਨਦੇਹ
ਅਮਨਪ੍ਰੀਤ ਹਸਪਤਾਲ ਦੇ ਸਪੈਸ਼ਲਿਸਟ ਡਾ. ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਟਾਕਿਆਂ 'ਚ ਨਿਕਲਣ ਵਾਲੇ ਧੂੰਏਂ ਚ ਸ਼ਾਮਲ ਕਾਰਬਮੋਨੋਆਕਸਾਈਡ ਫੇਫੜਿਆਂ ਵਾਸਤੇ ਕਾਫੀ ਖਤਰਨਾਕ ਹੈ ਜਦਕਿ ਪਟਾਕਿਆਂ ਦੀ ਆਵਾਜ ਨਾਲ ਕੰਨਾਂ ਨੂੰ ਨੁਕਸਾਨ ਪੁੱਜਦਾ ਹੈ ਅਤੇ ਦਿਲ ਦੀ ਬੀਮਾਰੀ ਨਾਲ ਸਬੰਧਤ ਮਰੀਜਾਂ ਦੀ ਅਚਾਨਕ ਧੜਕਣ ਵਧਣ ਕਾਰਨ ਪਟਾਕੇ ਖਤਰਨਾਕ ਸਿੱਧ ਹੁੰਦੇ ਹਨ।

ਗਰਭਵਤੀ ਔਰਤਾਂ ਲਈ ਖਤਰਨਾਕ ਹੈ ਪਟਾਕਿਆਂ ਦਾ ਧੂੰਆ
ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਸੋਫੀਆ ਨੇ ਦੱਸਿਆ ਕਿ ਗਰਭਵਤੀ ਔਰਤਾਂ ਲਈ ਪਟਾਕਿਆਂ ਦਾ ਧੂੰਆ ਅਤੇ ਆਵਾਜ਼ ਦੋਵੇਂ ਹੀ ਖਤਰਨਾਕ ਹਨ। ਪਟਾਕਿਆਂ ਦਾ ਅਸਰ ਗਰਭਵਤੀ ਔਰਤ ਦੀ ਧੜਕਣ 'ਤੇ ਪੈਂਦਾ ਹੈ, ਜਿਸ ਦਾ ਸਿੱਧੇ ਤੌਰ 'ਤੇ ਅਸਰ ਗਰਭ 'ਚ ਪਲ ਰਹੇ ਬੱਚੇ 'ਤੇ ਪੈਂਦਾ ਹੈ। ਪਟਾਕਿਆਂ ਨਾਲ ਫੈਲਣ ਵਾਲੇ ਪ੍ਰਦੂਸ਼ਣ ਕਾਰਨ ਗਰਭਵਤੀ ਔਰਤਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਪੇਸ਼ ਆ ਸਕਦੀ ਹੈ, ਜਿਸ ਕਰਕੇ ਗਰਭਵਤੀ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਪਰਹੇਜ ਕਰਨਾ ਚਾਹੀਦਾ ਹੈ।

ਬਲੱਡ ਪ੍ਰੈਸ਼ਰ ਵਰਗੀ ਸਮੱਸਿਆ ਨੂੰ ਵਧਾਉਂਦੈ ਪਟਾਕਿਆਂ ਦਾ ਧੂੰਆ
ਪਟਾਕਿਆਂ ਦੇ ਧੂੰਏਂ ਚ ਸਸਪੈਕਟਡ ਪਰਟੀਕੁਲਰ ਮੈਟਰ (ਐੱਸ. ਪੀ. ਐੱਮ.) ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ। ਮਾਹਿਰਾਂ ਦੀ ਮੰਨੀਏ ਤਾਂ ਪਟਾਕਿਆ 'ਚ ਮੌਜੂਦ ਹਾਨੀਕਾਰਕ ਤੱਤ ਹੁੰਦੇ ਹਨ ਜੋ ਧੁੰਦ ਕਾਰਨ ਜ਼ਮੀਨ ਦੇ ਕੁਝ ਉੱਪਰ ਹੀ ਠਹਿਰ ਜਾਂਦੇ ਹਨ। ਸਾਹ ਲੈਂਦੇ ਸਮੇਂ ਨੱਕ ਤੋਂ ਫੇਫੜਿਆਂ 'ਚ ਪਹੁੰਚਦੇ ਹਨ ਜੋ ਕਿ ਅੰਦਰ ਚਿਪਕ ਜਾਂਦੇ ਹਨ। ਇਹ ਸਾਹ ਦੀ ਦਿੱਕਤ, ਅਸਥਮਾ ਅਤੇ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਨੂੰ ਵਧਾਉਂਦੇ ਹਨ।

ਇਹ ਕਰੋ ਉਪਾਅ
ਅੱਖਾਂ 'ਚ ਜਲਣ ਹੋਣ 'ਤੇ ਠੰਡੇ ਪਾਣੀ ਨਾਲ ਧੋਵੋ।
ਅੱਖਾਂ ਨੂੰ ਨਾ ਰਗੜੋ, ਸੜਨ 'ਤੇ ਬਰਫ ਰਗੜੋ।
ਸਾਹ ਦੇ ਰੋਗੀ ਮਾਸਕ ਲਾ ਕੇ ਨਿਕਲੋ, ਕੰਨ 'ਚ ਰੂੰ ਲਾ ਸਕਦੇ ਹੋ।

ਜਾਨਵਰਾਂ ਲਈ ਵੀ ਪਰੇਸ਼ਾਨੀ ਬਣਦੇ ਹਨ ਪਟਾਕੇ
ਪਟਾਕਿਆਂ ਦੀ ਆਵਾਜ਼ ਨਾਲ ਇਨਸਾਨ ਤੋਂ ਜ਼ਿਆਦਾ ਜਾਨਵਰ ਪਰੇਸ਼ਾਨ ਹੁੰਦੇ ਹਨ। ਘਰ 'ਚ ਪਾਲਤੂ ਜਾਨਵਰ ਹੈ ਤਾਂ ਉਨ੍ਹਾਂ ਨੂੰ ਦੀਵਾਲੀ ਦੀ ਰਾਤ ਬਾਹਰ ਨਾ ਨਿਕਲਣ ਦਿਓ। ਅਜਿਹੀ ਥਾਂ ਰੱਖੋ ਜਿੱਥੇ ਆਵਾਜ਼ ਘੱਟ ਆਉਂਦੀ ਹੋਵੇ। ਇਨ੍ਹਾਂ ਨੂੰ ਅੱਗ ਤੋਂ ਵੀ ਦੂਰ ਰੱਖੋ।