ਸੁਪਰੀਮ ਕੋਰਟ ਨੇ ਵੱਧ ਆਵਾਜ਼, ਧੂੰਆਂ ਤੇ ਚਮਕਦਾਰ ਪਟਾਕਿਆਂ ''ਤੇ ਲਾਈ ਪੂਰਨ ਪਾਬੰਦੀ

10/30/2018 8:51:55 AM

ਫਿਲੌਰ (ਭਾਖੜੀ)— ਦੀਵਾਲੀ ਤੋਂ ਪਹਿਲਾਂ ਵਾਤਾਵਰਣ ਨੂੰ ਬਚਾਉਣ ਲਈ  ਸੁਪਰੀਮ ਕੋਰਟ ਦਾ  ਵੱਡਾ ਫੈਸਲਾ ਆਇਆ ਹੈ  ਕਿ ਤਿਓਹਾਰਾਂ ਤੇ ਵਿਆਹ-ਸ਼ਾਦੀਆਂ 'ਤੇ ਹੁਣ ਵੱਧ ਧਮਾਕਾ ਕਰਨ ਅਤੇ ਵੱਧ ਰੌਸ਼ਨੀ ਫੈਲਾਉਣ ਵਾਲੇ ਪੁਰਾਣੇ ਪਟਾਕੇ  ਨਹੀਂ ਚਲਾਏ ਜਾ ਸਕਦੇ।  ਹੁਣ ਕੇਵਲ ਚੱਲਣਗੇ ਨਿਰਧਾਰਤ ਸਮੇਂ 'ਤੇ ਗ੍ਰੀਨ ਪਟਾਕੇ-ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੇ ਪੰਜਾਬ  ਹਰਿਆਣਾ ਹਾਈਕੋਰਟ ਦੇ ਪ੍ਰਮੁੱਖ ਵਕੀਲ ਸੁਨੀਲ ਮੱਲਹਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਦਾ ਵਾਤਾਵਰਣ ਅੱਜ ਇਸ ਕਦਰ  ਦੂਸ਼ਿਤ ਹੋ ਚੁੱਕਾ ਹੈ ਕਿ ਇਨਸਾਨ ਅਤੇ ਜਾਨਵਰ ਦੂਸ਼ਿਤ ਵਾਤਾਵਰਣ ਕਾਰਨ ਬੀਮਾਰੀਆਂ ਦੀ ਲਪੇਟ  ਵਿਚ ਆ ਕੇ ਜਾਨ ਤੋਂ ਹੱਥ ਧੋ ਰਹੇ ਹਨ। ਵਾਤਾਵਰਣ ਨੂੰ ਦੂਸ਼ਿਤ ਕਰਨ ਵਿਚ ਪਟਾਕਿਆਂ ਦਾ  ਅਹਿਮ ਯੋਗਦਾਨ ਰਿਹਾ ਹੈ। ਪਹਿਲਾਂ ਜੋ ਪਟਾਕੇ ਦੀਵਾਲੀ 'ਤੇ ਹੀ ਚਲਦੇ ਸਨ, ਹੁਣ ਉਸ ਦਾ   ਕਰੇਜ਼ ਤਿਉਹਾਰਾਂ ਤੋਂ ਇਲਾਵਾ ਵਿਆਹ-ਸ਼ਾਦੀਆਂ ਵਿਚ ਵੀ ਵਧਦਾ ਜਾ ਰਿਹਾ ਹੈ। ਜਿਸ ਕਾਰਨ  ਉਨ੍ਹਾਂ ਨੇ  ਸੁਪਰੀਮ ਕੋਰਟ 'ਚ ਵਾਤਾਵਰਣ ਨੂੰ ਬਚਾਉਣ ਲਈ ਪਟੀਸ਼ਨ ਦਾਇਰ ਕੀਤੀ, ਜਿਸ 'ਤੇ ਅਦਾਲਤ ਨੇ ਸਖ਼ਤ ਰੁੱਖ ਅਪਣਾਉਂਦੇ ਹੋਏ ਵੱਧ ਆਵਾਜ਼, ਰੌਸ਼ਨੀ ਅਤੇ ਧੂੰਆਂ ਫੈਲਾਉਣ ਵਾਲੇ  ਪੁਰਾਣੇ ਪਟਾਕਿਆਂ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਜਿਨ੍ਹਾਂ ਨੂੰ ਖਰੀਦਣਾ ਅਤੇ ਵੇਚਣਾ ਹੁਣ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੋਵੇਗਾ। ਹੁਣ ਕੇਵਲ ਗ੍ਰੀਨ ਪਟਾਕੇ ਹੀ ਖਰੀਦੇ ਅਤੇ ਵੇਚੇ ਜਾ ਸਕਦੇ ਹਨ।

ਕੀ ਹੈ ਗ੍ਰੀਨ ਪਟਾਕੇ, ਜਿਨ੍ਹਾਂ ਦਾ ਮਾਪਦੰਡ ਇਸ ਤਰ੍ਹਾਂ ਹੋਵੇਗਾ- ਐਡਵੋਕੇਟ ਸ਼੍ਰੀ ਮੱਲਹਨ ਨੇ ਦੱਸਿਆ ਕਿ ਗ੍ਰੀਨ ਪਟਾਕੇ ਜੋ ਘੱਟ ਧੂੰਆਂ ਕਰਨਗੇ ਉਨ੍ਹਾਂ  ਵਿਚ ਪੈਣ ਵਾਲੀ ਰਾਖ 20 ਫੀਸਦੀ ਤਕ ਘੱਟ ਕੀਤੀ ਜਾਵੇਗੀ। ਗ੍ਰੀਨ ਪਟਾਕੇ ਹਵਾ ਅਤੇ ਪਾਣੀ  ਨੂੰ ਦੂਸ਼ਿਤ ਨਹੀਂ ਕਰਦੇ ਇਸੇ ਕਾਰਨ ਇਨ੍ਹਾਂ ਦਾ ਧਮਾਕਾ ਅਤੇ ਚਮਕਦਾਰ ਲਾਈਟ ਬਿਲਕੁਲ ਘੱਟ  ਹੁੰਦੀ ਹੈ। ਜਿਸ ਨਾਲ ਹਵਾ 'ਚ ਆਕਸੀਜਨ ਦੀ ਮਾਤਰਾ ਨਹੀਂ ਘਟਾਉਂਦਾ। ਗ੍ਰੀਨ ਪਟਾਕੇ ਕੇਵਲ ਮਨਜ਼ੂਰਸ਼ੁਦਾ ਲਾਇਸੈਂਸ ਹੋਲਡਰ ਕੋਲ ਹੀ ਉਪਲੱਬਧ ਹੋਣਗੇ।