ਸੜਕ ''ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ ਰਾਹਗੀਰਾਂ ਲਈ ਮੁਸੀਬਤ

12/20/2017 7:23:47 AM

ਸੁਲਤਾਨਪੁਰ ਲੋਧੀ, (ਧੀਰ)- ਸਿਨੇਮਾ ਰੋਡ ਤੋਂ ਲੋਹੀਆਂ ਚੁੰਗੀ ਰੋਡ ਤਕ ਇਕ ਰਾਈਸ ਮਿਲ ਦੇ ਅੱਗੇ ਸੀਵਰੇਜ ਬੰਦ ਕਾਰਨ ਫੈਲਿਆ ਹੋਇਆ ਸੜਕਾਂ 'ਤੇ ਗੰਦਾ ਪਾਣੀ ਜਿਥੇ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ, ਉਥੇ ਇਹ ਸੜਕ ਦੇ ਟੁੱਟਣ 'ਚ ਹੌਲੀ-ਹੌਲੀ ਸਬੱਬ ਬਣ ਰਿਹਾ ਹੈ , ਜਿਸ ਪਾਸੇ ਨਾ ਤਾਂ ਨਗਰ ਕੌਂਸਲ ਤੇ ਨਾ ਹੀ ਪ੍ਰਸ਼ਾਸਨ ਦਾ ਕੋਈ ਧਿਆਨ ਹੈ, ਜਿਸ ਕਾਰਨ ਲੋਕਾਂ 'ਚ ਬੇਹੱਦ ਗੁੱਸੇ ਤੇ ਨਿਰਾਸ਼ਾ ਪਾਈ ਜਾ ਰਹੀ ਹੈ। 
ਰੋਜ਼ਾਨਾ ਸਵੇਰੇ ਇਸ ਰੋਡ ਤੋਂ ਲੰਘ ਕੇ ਲੋਹੀਆਂ ਚੁੰਗੀ ਰੋਡ ਬੱਸ ਫੜ ਕੇ ਜਾਣ ਵਾਲੇ ਤੇ ਫਿਰ ਸ਼ਾਮ ਨੂੰ ਆਉਣ ਵਾਲੇ ਸਤਪਾਲ ਸਿੰਘ ਦੁਕਾਨਦਾਰ, ਅਮਿਤ ਕੁਮਾਰ, ਬਲਦੇਵ ਸਿੰਘ, ਰਾਜੂ ਤੇ ਦੁਕਾਨਾਂ ਆਦਿ 'ਤੇ ਜਾਣ ਵਾਲੇ ਹਰਜਿੰਦਰ ਸਿੰਘ ਸਤਨਾਮ ਸਿੰਘ, ਗੁਰਦਿਆਲ ਸਿੰਘ, ਦੀਪਕ ਵਰਮਾ, ਗੁਰਮੁੱਖ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ ਆਦਿ ਦਾ ਕਹਿਣਾ ਹੈ ਕਿ ਇਸ ਰੋਡ 'ਤੇ ਸਥਿਤ ਇਕ ਸ਼ੈਲਰ ਦੇ ਬਾਹਰ ਕਈ ਦਿਨਾਂ ਤੋਂ ਸੀਵਰੇਜ ਜਾਮ ਹੈ ਤੇ ਗੰਦਾ ਪਾਣੀ ਸੜਕ 'ਚ ਹਰ ਸਮੇਂ ਖੜ੍ਹਾ ਰਹਿੰਦਾ ਹੈ, ਜਿਸ ਨਾਲ ਸਵੇਰੇ ਧੁੰਦ ਦੇ ਸਮੇਂ ਤੇ ਰਾਤ ਨੂੰ ਜੇ ਕੋਈ ਲਾਈਟ ਵਾਲਾ ਵਾਹਨ ਸਾਹਮਣੇ ਆ ਜਾਵੇ ਤਾਂ ਪੈਦਲ ਚੱਲਣ ਵਾਲੇ ਨੂੰ ਕੁਝ ਵਿਖਾਈ ਹੀ ਨਹੀਂ ਦਿੰਦਾ ਤੇ ਉਸਦਾ ਪੈਰ ਖੜ੍ਹੇ ਗੰਦੇ ਪਾਣੀ 'ਚ ਪੈ ਜਾਂਦਾ ਹੈ, ਜਿਸ ਕਾਰਨ ਉਸ ਨਾਲ ਕਈ ਵਾਰ ਹਾਦਸਾ ਹੋ ਜਾਂਦਾ ਹੈ। 
ਉਨ੍ਹਾਂ ਕਿਹਾ ਕਿ ਸੜਕ 'ਤੇ ਪਾਇਆ ਹੋਇਆ ਸੀਵਰੇਜ ਬਹੁਤ ਹੀ ਛੋਟਾ ਹੈ, ਜੋ ਜਲਦੀ ਹੀ ਬਲਾਕ ਹੋ ਜਾਂਦਾ ਹੈ ਤੇ ਫਿਰ ਰਾਹਗੀਰਾਂ ਲਈ ਮੁਸੀਬਤ ਦਾ ਕਾਰਨ ਬਣਦਾ ਹੈ। ਸੜਕ 'ਤੇ ਫੈਲੇ ਗੰਦੇ ਪਾਣੀ ਦੇ ਕਾਫੀ ਸਮੇਂ ਤੋਂ ਖੜ੍ਹੇ ਹੋਣ ਕਾਰਨ ਇਹ ਸੜਕ ਹੁਣ ਕਾਫੀ ਹਿੱਸੇ ਤੋਂ ਟੁੱਟਣੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਸੜਕ 'ਤੇ ਡੂੰਘੇ ਟੋਏ ਪੈ ਗਏ ਹਨ, ਜੋ ਦੋ-ਪਹੀਆ ਵਾਹਨ ਲਈ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਉਨ੍ਹਾਂ ਪ੍ਰਸ਼ਾਸਨ ਤੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੜਕ 'ਤੇ ਬੰਦ ਪਏ ਸੀਵਰੇਜ ਨੂੰ ਚਾਲੂ ਕਰਕੇ ਸੜਕ 'ਤੇ ਪਏ ਡੂੰਘੇ ਟੋਇਆਂ ਨੂੰ ਵੀ ਮੁਰੰਮਤ ਕੀਤਾ ਜਾਵੇ।