ਜ਼ਿਲਾ ਲਾਇਬ੍ਰੇਰੀ ਬਣੀ ਚਿੱਟਾ ਹਾਥੀ

01/15/2018 12:32:50 AM

ਗੁਰਦਾਸਪੁਰ,  (ਵਿਨੋਦ)-  ਸਮਾਜ ਨੂੰ ਸਿੱਖਿਅਤ ਕਰਨ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੀ ਜ਼ਿਲਾ ਲਾਇਬ੍ਰੇਰੀ ਨੂੰ ਚਾਹੇ ਨਵੀਂ ਇਮਾਰਤ ਤਾਂ ਮਿਲ ਗਈ ਪਰ ਸਹੂਲਤਾਂ ਦੀ ਕਮੀ ਕਾਰਨ ਲਾਇਬ੍ਰੇਰੀ ਨੂੰ ਜੇਕਰ ਸਫੈਦ ਹਾਥੀ ਕਹਿ ਦਿੱਤਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਮੌਜੂਦਾ ਸਮੇਂ 'ਚ ਲਾਇਬ੍ਰੇਰੀ ਦੀ ਇਮਾਰਤ ਦੇ ਆਸ-ਪਾਸ ਦੇ ਸੁੰਨਸਾਨ ਖੇਤਰ ਦਾ ਇਸਤੇਮਾਲ ਸਵੇਰੇ-ਸ਼ਾਮ ਅਸਮਾਜਿਕ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਨਾਲ ਚੰਗੇ ਸਮਾਜ ਲਈ ਤਰਕਸੰਗਤ ਨਹੀਂ ਹੈ।
'ਜਗ ਬਾਣੀ' ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਲਈ ਸ਼ੁਰੂ ਕੀਤੇ ਅਭਿਆਨ ਤਹਿਤ ਅੱਜ ਜਦ ਜ਼ਿਲਾ ਲਾਇਬ੍ਰੇਰੀ ਦਾ ਦੌਰਾ ਕੀਤਾ ਗਿਆ ਤਾਂ ਇਸ 'ਚ ਨਾ ਸਿਰਫ ਕਮੀਆਂ ਹਨ ਬਲਕਿ ਜ਼ਿਲਾ ਪ੍ਰਸ਼ਾਸਨ ਦੀ ਅਣਦੇਖੀ ਦੀ ਕਹਾਣੀ ਸਾਹਮਣੇ ਆਈ ਅਤੇ ਜੇ ਅਜਿਹਾ ਹੀ ਚਲਦਾ ਰਿਹਾ ਤਾਂ ਇਕ ਦਿਨ ਇਹ ਜ਼ਿਲਾ ਲਾਇਬ੍ਰੇਰੀ ਦੀ ਇਮਾਰਤ ਕੋਲ ਖੁੱਲ੍ਹੇ ਮੈਦਾਨ, ਜਿਸ 'ਚ ਝਾੜੀਆਂ, ਭੰਗ ਆਦਿ ਦੀ ਭਰਮਾਰ ਹੈ, ਨਸ਼ੇੜੀਆਂ ਦਾ ਟਿਕਾਣਾ ਬਣ ਜਾਵੇਗੀ।
ਕੀ ਹੈ ਸਮੱਸਿਆ 
ਸਾਲ 2007 'ਚ ਸਥਾਨਕ ਪੁਰਾਣੀ ਲਾਇਬ੍ਰੇਰੀ ਦੀ ਇਮਾਰਤ ਨੂੰ ਨਗਰ ਕੌਂਸਲ ਵੱਲੋਂ ਵੇਚ ਦਿੱਤੇ ਜਾਣ 'ਤੇ ਫਿਸ਼ ਪਾਰਕ ਦੀ ਬੈਕ ਸਾਈਡ 'ਚ ਲਾਇਬ੍ਰੇਰੀ ਦੀ ਨਵੀਂ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਵਾਅਦਾ ਕੀਤਾ ਗਿਆ ਸੀ ਕਿ ਇਸ ਨਵੀਂ ਇਮਾਰਤ 'ਚ ਹਰ ਤਰ੍ਹਾਂ ਦੀ ਸਹੂਲਤ ਰੀਡਰ ਨੂੰ ਮੁਹੱਈਆ ਕਰਵਾਈ ਜਾਵੇਗੀ, ਜਿਸ ਨਵੀਂ ਇਮਾਰਤ ਦਾ ਨਿਰਮਾਣ ਕੀਤਾ ਗਿਆ, ਉਸ 'ਚ ਬਰਸਾਤ ਦੇ ਪਾਣੀ ਦੀ ਨਿਕਾਸੀ ਲਈ ਉਚਿੱਤ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਜਦ ਕਦੀ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਛੱਤ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ, ਜੋ ਨਾ ਸਿਰਫ ਇਮਾਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲਕਿ ਜ਼ਿਆਦਾ ਪਾਣੀ ਇਕੱਠਾ ਹੋਣ ਨਾਲ ਪੌੜੀਆਂ ਦੇ ਰਸਤੇ ਪਾਣੀ ਹੇਠਾਂ ਇਮਾਰਤ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਬਰਸਾਤ ਦਾ ਪਾਣੀ ਕਿਤਾਬਾਂ ਸਮੇਤ ਹੋਰ ਸਾਮਾਨ ਨੂੰ ਖਰਾਬ ਵੀ ਕਰਨਾ ਸ਼ੁਰੂ ਕਰ ਦਿੰਦਾ ਹੈ। 
ਦੂਜੇ ਪਾਸੇ ਇਮਾਰਤ ਦੇ ਚਾਰੇ ਪਾਸੇ ਕਿਸੇ ਕਾਰਨ ਕਾਫੀ ਜਗ੍ਹਾ ਨੂੰ ਬੇਕਾਰ ਛੱਡ ਦਿੱਤਾ ਗਿਆ, ਜਿਸ ਦਾ ਇਸਤੇਮਾਲ ਪ੍ਰਸ਼ਾਸਨ ਵੱਲੋਂ ਲਾਇਬ੍ਰੇਰੀ ਦੀ ਸੁੰਦਰਤਾਂ ਆਦਿ ਦੇ ਲਈ ਕੀਤਾ ਜਾਣਾ ਸੀ ਪਰ ਇਸ ਸਮੇਂ ਇਮਾਰਤ ਦੇ ਪਿਛਲੇ ਪਾਸੇ ਭੰਗ, ਜੜ੍ਹੀ-ਬੂਟੀ ਭਾਰੀ ਮਾਤਰਾ 'ਚ ਉੱਗ ਚੁੱਕੀ ਹੈ, ਜਿਥੇ ਜਾਣਾ ਵੀ ਮੁਸ਼ਕਲ ਹੈ। 
ਲਾਇਬ੍ਰੇਰੀ ਦੀ ਚਾਰਦੀਵਾਰੀ ਨਾ ਹੋਣ ਕਾਰਨ ਅਕਸਰ ਫਿਸ਼ ਪਾਰਕ ਆਦਿ ਕੋਲ ਲੋਕ ਖੁੱਲ੍ਹੀ ਜਗ੍ਹਾ ਵੇਖ ਕੇ ਪਖਾਨਾ ਆਦਿ ਲਈ ਆ ਜਾਂਦੇ ਹਨ ਅਤੇ ਲਾਇਬ੍ਰੇਰੀ 'ਚ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਵਾਤਾਵਰਣ ਦੂਸ਼ਿਤ ਹੋਣਾ ਸ਼ੁਰੂ ਹੋ ਗਿਆ ਹੈ। 
ਕਈ ਵਾਰ ਤਾਂ ਲਗਾਤਾਰ ਬਰਸਾਤ ਹੋਣ ਕਾਰਨ ਕੀੜੇ-ਮਕੌੜੇ, ਝਾੜੀਆਂ ਤੋਂ ਨਿਕਲ ਕੇ ਇਮਾਰਤ 'ਚ ਦਾਖ਼ਲ ਹੋ ਜਾਂਦੇ ਹਨ, ਜੋ ਕਦੀ ਵੀ ਨੁਕਸਾਨ ਕਰ ਸਕਦੇ ਹਨ। ਲਾਇਬ੍ਰੇਰੀ 'ਚ ਕਿਤਾਬਾਂ ਨੂੰ ਰੱਖਣ ਲਈ ਉਚਿੱਤ ਗਿਣਤੀ 'ਚ ਅਲਮਾਰੀਆਂ ਵੀ ਨਹੀਂ ਹਨ, ਜਿਸ ਕਾਰਨ ਕਿਤਾਬਾਂ ਆਦਿ ਨੂੰ ਬਾਹਰ ਟੇਬਲ 'ਤੇ ਰੱਖਣਾ ਪੈਂਦਾ ਹੈ।
ਕੀ ਕਹਿੰਦੇ ਹਨ ਪ੍ਰਮੁੱਖ ਲੋਕ
ਗੁਰਦਾਸਪੁਰ ਨਿਵਾਸੀ ਰਿਟਾਇਰ ਪ੍ਰਿੰਸੀਪਲ ਰਾਜ ਕੁਮਾਰ ਦਾ ਕਹਿਣਾ ਹੈ ਕਿ ਲਾਇਬ੍ਰੇਰੀ ਹੀ ਇਕ ਮਾਤਰ ਅਜਿਹਾ ਸਾਧਨ ਹੈ ਜੋ ਲੋਕਾਂ ਨੂੰ ਗਿਆਨ ਸਬੰਧੀ ਕਿਤਾਬਾਂ ਮੁਹੱਈਆਂ ਕਰਵਾ ਸਕਦਾ ਹੈ। ਇਸ ਲਈ ਲਾਇਬ੍ਰੇਰੀ ਦਾ ਮਜ਼ਬੂਤ ਆਧਾਰ ਤੇ ਪ੍ਰਬੰਧ ਹੋਣਾ ਜ਼ਰੂਰੀ ਹੈ। 
ਜ਼ਿਲਾ ਲਾਇਬ੍ਰੇਰੀ 'ਚ ਕੀ ਹਨ ਸਹੂਲਤਾਂ 
ਜ਼ਿਲਾ ਲਾਇਬ੍ਰੇਰੀ 'ਚ ਇਸ ਸਮੇਂ ਲਗਭਗ 50 ਹਜ਼ਾਰ ਕਿਤਾਬਾਂ ਦਾ ਖਜ਼ਾਨਾ ਹੈ, ਜਿਸ ਦਾ ਰੀਡਰ ਆਪਣੇ ਜ਼ਰੂਰਤ ਅਨੁਸਾਰ ਇਸਤੇਮਾਲ ਕਰ ਰਹੇ ਹਨ। ਇਸ ਦੇ ਨਾਲ ਹੀ ਲਾਇਬ੍ਰੇਰੀ 'ਚ ਪ੍ਰਸਿੱਧ 7 ਸਮਾਚਾਰ ਪੱਤਰ ਤੇ 10 ਮੈਗਜ਼ੀਨ ਆÀੁਂਦੇ ਹਨ। ਇਸ ਮੌਕੇ ਲਾਇਬ੍ਰੇਰੀ 'ਚ 3 ਹਜ਼ਾਰ ਮੈਂਬਰ ਜੁੜੇ ਹਨ ਪਰ ਲਗਭਗ 50 ਮੈਂਬਰ ਹੀ ਸਰਗਰਮੀ ਨਾਲ ਲਾਇਬ੍ਰੇਰੀ ਦੇ ਪ੍ਰਤੀਦਿਨ ਦੇ ਰੀਡਰ ਹਨ ਪਰ ਸਮੇਂ-ਸਮੇਂ 'ਤੇ ਨੌਜਵਾਨ ਵਰਗ ਲਾਇਬ੍ਰੇਰੀ 'ਚ ਆ ਕੇ ਆਪਣੀ ਜ਼ਰੂਰਤ ਅਨੁਸਾਰ ਸਮਾਚਾਰ ਪੱਤਰ ਤੇ ਮੈਗਜ਼ੀਨ ਸਮੇਤ ਪੁਰਾਣੀਆਂ ਕਿਤਾਬਾਂ ਦਾ ਇਸਤੇਮਾਲ ਕਰ ਕੇ ਆਪਣੇ ਗਿਆਨ 'ਚ ਵਾਧਾ ਕਰਦੇ ਰਹਿੰਦੇ ਹਨ।