ਜ਼ਿਲਾ ਕਾਂਗਰਸ ਦਿਹਾਤੀ ਦੀ ਮੀਟਿੰਗ ’ਚ ਕਾਂਗਰਸੀ ਨੇਤਾਵਾਂ ਨੇ ਇਉਂ ਭੰਡਿਆ ਆਪਣੀ ਸਰਕਾਰ ਨੂੰ

12/10/2019 10:56:34 AM

ਜਲੰਧਰ (ਬਿਊਰੋ) - ਬੀਤੇ ਦਿਨ ਜਲੰਧਰ ਵਿਖੇ ਜ਼ਿਲਾ ਕਾਂਗਰਸ ਦਿਹਾਤੀ ਦੀ ਮੀਟਿੰਗ ਹੋਈ ਸੀ, ਜਿਸ ’ਚ ਕਈ ਕਾਂਗਰਸੀ ਆਗੂਆਂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਰੱਜ ਕੇ ਭੜਾਸ ਕੱਢੀ। ਇਸ ਮੀਟਿੰਗ ’ਚ ਹਰਭਜਨ ਸਿੰਘ ਕਰਤਾਰਪੁਰ ਬਲਾਕ-2 ਦੇ ਪ੍ਰਧਾਨ ਨੇ ਕਿਹਾ ਕਿ ਅੱਜ 13 ਸਾਲ ਬਾਅਦ ਕਿਸੇ ਨੇਤਾ ਦੇ ਵਰਕਰਾਂ ’ਚ ਦਰਸ਼ਨ ਹੋਏ ਹਨ। ਕਾਂਗਰਸੀ ਨੇਤਾਵਾਂ ਦੇ ਕੋਈ ਕੰਮ ਨਹੀਂ ਹੁੰਦੇ। ਪੁਲਸ ਥਾਣਿਆਂ ’ਚ ਸਿਪਾਹੀ ਤੱਕ ਉਨ੍ਹਾਂ ਦੀ ਕੋਈ ਵੈਲਿਊ ਨਹੀਂ ਸਮਝਦਾ। ਵਿਧਾਨ ਸਭਾ ਚੋਣਾਂ ’ਚ ਕਾਂਗਰਸੀ ਨੇਤਾਵਾਂ ਨੂੰ ਚੇਅਰਮੈਨੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਕੁਝ ਨਹੀਂ ਮਿਲਿਆ। ਵਿਧਾਇਕ ਨੂੰ ਕੋਈ ਨਹੀਂ ਪੁੱਛਦਾ। ਜ਼ਿਲਾ ਪ੍ਰੀਸ਼ਦ ਤੇ ਬਲਾਕ ਕਮੇਟੀਆਂ ਦੀਆਂ ਚੋਣਾਂ ਕਰਵਾਉਣ ਦੀ ਕੀ ਜ਼ਰੂਰਤ, ਜੇ ਚੁਣੇ ਹੋਏ ਨੇਤਾਵਾਂ ਨੂੰ ਕੋਈ ਪਾਵਰ ਨਹੀਂ ਦੇਣੀ ਸੀ। ਇਸੇ ਤਰ੍ਹਾਂ ਸਤਨਾਮ ਸਿੰਘ ਚੇਅਰਮੈਨ ਭੋਗਪੁਰ ਬਲਾਕ ਸਮਿਤੀ ਨੇ ਕਿਹਾ ਕਿ ਕੈਪਟਨ ਨੂੰ ਨੀਂਦ ਤੋਂ ਜਗਾਓ। ਕਿਸਾਨਾਂ ਦੇ 3-3 ਸਾਲ ਦੇ ਗੰਨੇ ਦਾ ਬਕਾਇਆ ਹੈ, ਜਿਸ ਕਾਰਨ ਉਨ੍ਹਾਂ ਦੇ ਘਰ ਵਿਕ ਰਹੇ ਹਨ। ਬੇਅਦਬੀ ਦੇ ਦੋਸ਼ੀਆਂ ’ਤੇ ਕੋਈ ਕਾਰਵਾਈ ਨਹੀਂ ਹੋਈ। ਸਰਕਾਰ ਕੋਲ ਪੈਸਾ ਨਹੀਂ। ਆਦਮਪੁਰ ’ਚ ਕਾਂਗਰਸੀ ਕੌਂਸਲਰ ਬਹੁਮਤ ’ਚ ਹਨ, ਜਿਸ ਦੇ ਬਾਵਜੂਦ ਨਗਰ ਕੌਂਸਲ ’ਤੇ ਅਕਾਲੀ ਦਲ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀਆਂ ਚੋਣਾਂ ਹੋ ਰਹੀਆਂ ਰਹੀਆਂ ਤਾਂ ਲੜਕੇ ਆਪਸ ’ਚ ਲੜ-ਲੜ ਕੇ ਮਰ ਜਾਣਗੇ।

ਦਰਸ਼ਨ ਟਾਹਲੀ ਵਾਈਸ ਚੇਅਰਮੈਨ ਜ਼ਿਲਾ ਪ੍ਰੀਸ਼ਦ ਨੇ ਕਿਹਾ ਕਿ ਦਲਿਤਾਂ ਦੇ ਸਹਿਕਾਰੀ ਕਰਜ਼ੇ ਮੁਆਫ ਕੀਤੇ ਗਏ ਸਨ, ਜੋ ਅੱਜ ਤੱਕ ਨਹੀਂ ਹੋਏ। ਨੀਲੇ ਕਾਰਡ ਸਰਕਾਰ ਬਣਦੇ ਹੀ ਰੱਦ ਹੋ ਜਾਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਸਮੇਂ ਜੇ ਅਸੀਂ ਨੀਲੀ ਪਗੜੀ ਪਹਿਨ ਕੇ ਜਾਂਦੇ ਸੀ ਤਾਂ 10-10 ਕਾਰਡ ਬਣਾ ਕੇ ਲੈ ਆਉਂਦੇ ਸਨ ਪਰ ਅੱਜ ਸਾਡੇ ਕਹੇ ’ਤੇ ਇਕ ਕਾਰਡ ਨਹੀਂ ਬਣ ਰਿਹਾ।ਅਮਰਜੀਤ ਸਿੰਘ ਕੰਗ ਬਲਾਕ ਪ੍ਰਧਾਨ ਕਰਤਾਰਪੁਰ ਨੇ ਕਿਹਾ ਕਿ ਵਰਕਰ ਕਾਂਗਰਸ ਨਾਲ ਖੜ੍ਹਾ ਤਾਂ ਹੈ ਪਰ ਉਸ ਦੀ ਸੁਣਵਾਈ ਨਹੀਂ ਹੁੰਦੀ। ਵਿਧਾਇਕ ਜ਼ੋਰ ਤਾਂ ਲਾਉਂਦੇ ਹਨ ਪਰ ਅਧਿਕਾਰੀ ਕੰਮ ਨਹੀਂ ਕਰਦੇ। ਵਿਧਾਇਕ ਨੇ ਪਰਚਾ ਕਰਵਾ ਦਿੱਤਾ ਪਰ ਅਕਾਲੀਆਂ ਨੇ ਕੇਸ ਇਨਕੁਆਰੀ ਲਗਵਾ ਦਿੱਤੀ, ਜਿਸ ਦੀ ਜਾਂਚ 11 ਮਹੀਨਿਆਂ ਤੋਂ ਪੈਂਡਿੰਗ ਹੈ। ਸਮਾਰਟ ਕਾਰਡ ਤੋਂ ਪਹਿਲਾਂ ਬਣੇ ਨੀਲੇ ਕਾਰਡ ਜ਼ਿਮੀਂਦਾਰਾਂ ’ਤੇ ਵੱਡੇ ਲੋਕਾਂ ਦੇ ਬਣੇ, ਕਾਂਗਰਸ ਸਰਕਾਰ ਆਉਣ ਮਗਰੋਂ 3-3 ਵਾਰ ਫਾਰਮ ਭਰ ਕੇ ਵਿਭਾਗ ਨੂੰ ਭੇਜੇ ਪਰ ਸਮਾਰਟ ਕਾਰਡ ਅੱਜ ਤੱਕ ਨਹੀਂ ਬਣੇ। ਕਾਂਗਰਸੀਆਂ ਦੇ ਜਾਇਜ਼ ਕੰਮ ਵੀ ਨਹੀਂ ਹੋ ਰਹੇ। ਜੇ ਇਹੀ ਹਾਲ ਰਿਹਾ ਤਾਂ ਵਰਕਰ ਸਾਥ ਛੱਡ ਜਾਣਗੇ। 

ਕਮਲਜੀਤ ਧਨੋਆ ਜ਼ਿਲਾ ਪ੍ਰਧਾਨ ਇੰਟਕ ਦਾ ਦਰਦ ਸਟੇਜ ’ਤੇ ਛਲਕ ਪਿਆ ਅਤੇ ਉਨ੍ਹਾਂ ਨੇ ਰੋ-ਰੋ ਕੇ ਆਪਣੀ ਵਿਥਿਆ ਸੁਣਾਈ। ਉਨ੍ਹਾਂ ਕਿਹਾ ਕਿ ਇਕ ਘਰੇਲੂ ਮਾਮਲੇ ’ਚ ਪੁਲਸ ਨੇ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਬੇਟੇ ’ਤੇ ਕੇਸ ਦਰਜ ਕਰ ਦਿੱਤਾ। ਪੁਲਸ ਟਾਰਚਰ ਕਰਦੀ ਹੋਈ ਕਹਿੰਦੀ ਹੈ ਕਿ ਵਿਧਾਇਕ ਕਰਵਾ ਰਹੇ ਹਨ। ਔਰਤਾਂ ਦੀ ਕੋਈ ਸੁਣਵਾਈ ਨਹੀਂ। ਔਰਤਾਂ ਅਤੇ ਜ਼ਿਲਾ ਪ੍ਰਧਾਨਾਂ ਦੇ ਦਮ ’ਤੇ ਵਿਧਾਇਕ ਬਣਦੇ ਹਨ ਪਰ ਕਾਂਗਰਸ ਸਰਕਾਰ ’ਚ ਉਨ੍ਹਾਂ ’ਤੇ ਧੱਕੇਸ਼ਾਹੀ ਜਾਰੀ ਹੈ। ਡਾ. ਨਵਜੋਤ ਦਹੀਆ ਪ੍ਰਦੇਸ਼ ਕਾਂਗਰਸ ਬੁਲਾਰੇ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ 10 ਸਾਲ ਤਕ ਜ਼ਿਆਦਤੀਆਂ ਅਤੇ ਅੱਤਿਆਚਾਰ ਸਹਿਣ ਕੀਤਾ ਹੈ। ਕਾਂਗਰਸੀ ਨੇਤਾਵਾਂ ਦੀ ਹਲਕਾ ਪੱਧਰ ’ਤੇ ਸੂਚੀ ਸਰਕਾਰੀ ਵਿਭਾਗਾਂ ਵਿਚ ਭੇਜੀ ਜਾਵੇ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਪਾਰਟੀ ਦਾ ਅਹੁਦੇਦਾਰ ਕੰਮ ਕਰਵਾਉਣ ਆਇਆ ਹੈ। ਕਮਲਜੀਤ ਕੌਰ ਮੁਲਤਾਨੀ ਪ੍ਰਧਾਨ ਜ਼ਿਲਾ ਮਹਿਲਾ ਕਾਂਗਰਸ ਦਿਹਾਤੀ ਨੇ ਐੱਨ. ਆਰ. ਆਈ. ਲਾੜਿਆਂ ਦੀ ਧੋਖਾਦੇਹੀ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਉਹ ਪੰਜਾਬ ਆ ਕੇ ਵਿਆਹ ਕਰਵਾ ਲੈਂਦੇ ਹਨ ਅਤੇ ਪਤਨੀ ਨੂੰ ਧੋਖਾ ਦੇ ਕੇ ਵਾਪਸ ਪਰਤ ਜਾਂਦੇ ਹਨ।

ਸੇਵਾ ਦਲ ਦਿਹਾਤੀ ਦੇ ਚੇਅਰਮੈਨ ਰਾਣਾ ਨੇ ਕਿਹਾ ਕਿ ਸੇਵਾ ਦਲ ਵਲੋਂ ਕੋਈ ਨੇਤਾ ਧਿਆਨ ਨਹੀਂ ਦਿੰਦਾ। ਅਸੀਂ ਪਾਰਟੀ ਤੋਂ ਕੋਈ ਚੇਅਰਮੈਨੀ ਨਹੀਂ ਮੰਗਦੇ ਪਰ ਸਾਡੇ ਸੈੱਲ ਨੂੰ ਪਛਾਣ ਤਾਂ ਦਿੱਤੀ ਜਾਵੇ। ਜੇ ਕਿਤੇ ਕੋਈ ਕੰਮ ਕਰਵਾਉਣ ਜਾਈਏ ਤਾਂ ਕਿਹਾ ਜਾਂਦਾ ਹੈ ਕਿ ਵਿਧਾਇਕ ਨੂੰ ਫੋਨ ਕਰਵਾਓ। ਅਜਿਹੇ ਹਾਲਾਤ ਵਿਚ ਜਾਂ ਤਾਂ ਸੈੱਲ ਚੇਅਰਮੈਨਾਂ ਨੂੰ ਸਤਿਕਾਰ ਦਿਵਾਓ ਨਹੀਂ ਤਾਂ ਉਸ ਨੂੰ ਖਤਮ ਕਰ ਦਿਓ।ਪਰਮਿੰਦਰ ਸਿੰਘ ਮੱਲ੍ਹੀ ਭੋਗਪੁਰ ਦੇ ਬਲਾਕ ਪ੍ਰਧਾਨ ਨੇ ਕਿਹਾ ਕਿ ਆਦਮਪੁਰ ਦੇ ਇੰਨੇ ਬੁਰੇ ਹਾਲਾਤ ਹਨ ਕਿ ਉਹ ਇਸ ਮੀਟਿੰਗ ’ਚ ਖੁਲ੍ਹੇਆਮ ਆਪਣੀ ਵਿਅਥਾ ਸੁਣਾਉਣਾ ਨਹੀਂ ਚਾਹੁੰਦੇ ਹਨ। ਜਾਖੜ ਸਾਡੇ ਨਾਲ ਬੰਦ ਕਮਰੇ ਵਿਚ ਮੀਟਿੰਗ ਕਰਨ, ਅਸੀਂ ਤੁਹਾਨੂੰ ਸਮੁੱਚੇ ਹਲਕੇ ਦੇ ਵਰਕਰਾਂ ਦੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾ ਦੇਵਾਂਗੇ। ਰਾਕੇਸ਼ ਕੁਮਾਰ ਦੁੱਗਲ ਬਲਾਕ ਪ੍ਰਧਾਨ ਰੁੜਕਾ ਕਲਾਂ ਨੇ ਕਿਹਾ ਕਿ ਕੈਂਪ ਲਾ ਸਮਾਰਟ ਕਾਰਡ ਬਣਾਉਣ ਲਈ ਫਾਰਮ ਭਰ ਕੇ ਵਿਭਾਗ ਨੂੰ ਜਮ੍ਹਾ ਕਰਵਾ ਦਿੱਤੇ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਰਾਣੇ ਕਾਰਡ ਡਿਲੀਟ ਨਹੀਂ ਹੋਏ, ਇਸ ਲਈ ਜੋ ਨਵੇਂ ਕਾਰਡ ਬਣੇ ਹਨ, ਉਨ੍ਹਾਂ ਨੂੰ ਖੁਦ ਛਾਂਟ ਲਓ, ਜੋ ਬਾਕੀ ਰਹਿ ਗਏ ਹਨ ਉਨ੍ਹਾਂ ਨੂੰ ਬਣਾ ਦੇਵਾਂਗੇ।

ਦਵਿੰਦਰ ਸਿੰਘ ਲਾਸਰਾ ਬਲਾਕ ਪ੍ਰਧਾਨ ਫਿਲੌਰ ਨੇ ਕਿਹਾ ਕਿ ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਰੋਜ਼ ਨਵੇਂ ਨਿਯਮ ਲਾਗੂ ਕਰ ਦਿੰਦੇ ਹਨ, ਜੋ ਵਿਅਕਤੀ ਤਿੰਨ ਵਾਰ ਕਣਕ ਲੈਣ ਨਹੀਂ ਆਇਆ ਉਸ ਨੂੰ ਵੈਰੀਫਾਈ ਕੀਤਾ ਜਾਵੇ। ਕਾਂਗਰਸ ਨੇਤਰੀ ਸਰਵਜੀਤ ਕੌਰ ਨੇ ਕਿਹਾ ਕਿ ਟਕਸਾਲੀ ਕਾਂਗਰਸ ਪਰਿਵਾਰਾਂ ਨੂੰ ਕੋਈ ਨਹੀਂ ਪੁੱਛਦਾ। ਉਹ ਖੁਦ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵਿਚ ਵਿਆਹੀ ਹੈ। ਪਹਿਲਾਂ ਗ੍ਰਾਮ ਸੇਵਕ/ਸੇਵਿਕਾ ਹੋਇਆ ਕਰਦੇ ਸੀ ਪਰ ਬਾਦਲ ਸਰਕਾਰ ਨੇ ਆ ਕੇ ਭਰਤੀ ਰੱਦ ਕਰ ਦਿੱਤੀ। ਪਾਰਟੀ ਦੇ ਸੀਨੀਅਰ ਨੇਤਾਵਾਂ ਵਿਰੁੱਧ ਬਿਆਨਬਾਜ਼ੀ ਨਾਲ ਪਾਰਟੀ ਦਾ ਮਜ਼ਾਕ ਨਾ ਬਣਾਏ। ਵਰਕਰ ਪਹਿਲਾਂ ਹੀ ਬਹੁਤ ਹਤਾਸ਼ ਹਨ। ਅਜਿਹੀਆਂ ਗੱਲਾਂ ਨਾਲ ਉਨ੍ਹਾਂ ਵਿਚ ਹੋਰ ਨਿਰਾਸ਼ਾ ਆਏਗੀ। ਕੁਲਬੀਰ ਸਿੰਘ ਸ਼ਾਹਕੋਟ ਨੇ ਕਿਹਾ ਕਿ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਹਰ ਕੰਮ ’ਤੇ ਕੰਟਰੋਲ ਕਰ ਲਿਆ ਹੈ ਪਰ ਸੈਂਡ ਮਾਫੀਆ ਅੱਜ ਵੀ ਬੇਕਾਬੂ ਹੈ। 


rajwinder kaur

Content Editor

Related News