ਜ਼ਿਲਾ ਤੇ ਸੈਸ਼ਨ ਜੱਜ ਵੱਲੋਂ ਸਬ ਜੇਲ ਪੱਟੀ ਦਾ ਦੌਰਾ

12/21/2017 7:51:16 AM

ਪੱਟੀ/ਤਰਨਤਾਰਨ,  (ਸੌਰਭ, ਬਲਵਿੰਦਰ ਕੌਰ)- ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਅਤੇ ਸੀ. ਜੇ. ਐੱਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਰਮਨ ਸ਼ਰਮਾ ਵੱਲੋਂ ਅੱਜ ਸਬ ਜੇਲ ਪੱਟੀ ਦਾ ਦੌਰਾ ਕੀਤਾ ਗਿਆ। 
ਇਸ ਮੌਕੇ ਡਿਪਟੀ ਸੁਪਰਡੈਂਟ ਆਫ ਸਬ ਜੇਲ ਪੱਟੀ ਹਰਪ੍ਰੀਤ ਸਿੰਘ ਅਤੇ ਉਥੋਂ ਦਾ ਸਟਾਫ ਹਾਜ਼ਰ ਸੀ। ਇਸ ਮੌਕੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਨੇ ਜੇਲ 'ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਜੇਲ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਵੱਲੋਂ ਜੇਲ ਦੀ ਰਸੋਈ 'ਚ ਜਾ ਕੇ ਖਾਣੇ ਦੀ ਜਾਂਚ ਕੀਤੀ ਗਈ ਅਤੇ ਉਥੋਂ ਦੀ ਸਾਫ-ਸਫਾਈ ਦਾ ਨਿਰੀਖਣ ਵੀ ਕੀਤਾ ਗਿਆ। 
ਮੈਡਮ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਹਵਾਲਾਤੀਆਂ ਅਤੇ ਕੈਦੀਆਂ ਨੂੰ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਮੁਫ਼ਤ ਵਕੀਲ ਦਿੱਤੇ ਜਾਂਦੇ ਹਨ। 
ਇਸ ਸਮੇਂ ਹਵਾਲਾਤੀਆਂ ਅਤੇ ਕੈਦੀਆਂ ਦੇ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਵਾਸਤੇ ਫਾਰਮ ਵੀ ਭਰੇ ਗਏ ਤਾਂ ਜੋ ਇਨ੍ਹਾਂ ਫਾਰਮਾਂ ਦਾ ਸਾਰਾ ਪ੍ਰੋਸੈੱਸ ਪੂਰਾ ਕਰ ਕੇ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾ ਸਕੇ। ਉਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਨੂੰ ਸਮਾਜ ਵਿਚ ਰਹਿ ਕੇ ਆਮ ਇਨਸਾਨ ਵਾਂਗ ਆਪਣਾ ਜੀਵਨ ਦਾ ਨਿਰਵਾਹ ਕਰਨ ਅਤੇ ਦੁਬਾਰਾ ਕੋਈ ਵੀ ਗਲਤ ਕੰਮ ਕਰ ਕੇ ਜੇਲ ਵਿਚ ਨਾ ਆਉਣ ਦੀ ਸਲਾਹ ਦਿੱਤੀ।