ਐੱਸ. ਡੀ. ਐੱਮ. ਨੇ ਸ਼ਹਿਰ ''ਚ ਲੱਗੇ ਅਣ-ਅਧਿਕਾਰਤ ਪੋਸਟਰ ਤੇ ਬੈਨਰ ਉਤਰਵਾਏ

02/28/2018 3:21:11 PM

ਕਪੂਰਥਲਾ (ਜ. ਬ.)— ਜ਼ਿਲਾ ਪ੍ਰਸ਼ਾਸਨ ਵੱਲੋਂ ਅਣ-ਅਧਿਕਾਰਤ ਬੈਨਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ ਨੇ ਸ਼ਹਿਰ ਵਿਚ ਲੱਗੇ ਅਣ-ਅਧਿਕਾਰਤ ਹੋਰਡਿੰਗਜ਼ ਅਤੇ ਬੈਨਰ ਮੰਗਲਵਾਰ ਖੁਦ ਆਪਣੀ ਨਿਗਰਾਨੀ ਹੇਠ ਉਤਰਵਾਏ। ਇਸ ਦੌਰਾਨ ਡੀ. ਸੀ. ਦਫਤਰ ਨੇੜਲੇ ਇਲਾਕੇ ਵਿਚ ਨਗਰ ਕੌਂਸਲ ਦੀ ਮਨਜ਼ੂਰੀ ਤੋਂ ਬਿਨਾਂ ਲੱਗੇ ਪੋਸਟਰ ਤੇ ਬੈਨਰ ਆਦਿ ਹਟਾਏ ਗਏ। 
ਜਾਣਕਾਰੀ ਦਿੰਦਿਆਂ ਡਾ. ਨਯਨ ਭੁੱਲਰ ਨੇ ਦੱਸਿਆ ਕਿ ਭਾਵੇਂ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਅਣ-ਅਧਿਕਾਰਤ ਪੋਸਟਰ, ਬੈਨਰ ਅਤੇ ਹੋਰਡਿੰਗਜ਼ ਆਦਿ ਲਾਉਣ ਤੋਂ ਮਨ੍ਹਾ ਕੀਤਾ ਹੋਇਆ ਹੈ ਪਰ ਫਿਰ ਵੀ ਲੋਕ ਅਜਿਹੇ ਹੋਰਡਿੰਗਜ਼ ਅਤੇ ਬੈਨਰ ਲਾ ਦਿੰਦੇ ਹਨ। ਇਸ ਨਾਲ ਜਿਥੇ ਟ੍ਰੈਫਿਕ ਸਮੱਸਿਆ ਪੈਦਾ ਹੁੰਦੀ ਹੈ, ਉਥੇ ਕਈ ਹਾਦਸੇ ਵੀ ਵਾਪਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਇਮਾਰਤਾਂ ਜਾਂ ਜਨਤਕ ਜਾਇਦਾਦਾਂ 'ਤੇ ਅਣ-ਅਧਿਕਾਰਤ ਹੋਰਡਿੰਗਜ਼, ਫਲੈਕਸ, ਪੋਸਟਰ ਜਾਂ ਬੈਨਰ ਲਾਉਣੇ ਜਾਂ ਕੰਧਾਂ 'ਤੇ ਲਿਖਣਾ ਕਾਨੂੰਨੀ ਅਪਰਾਧ ਹੈ। ਇਸ ਮੌਕੇ ਉਨ੍ਹਾਂ ਇਸ਼ਤਿਹਾਰਾਂ ਸਬੰਧੀ ਠੇਕੇਦਾਰ ਰਵੀ ਵਾਲੀਆ ਨੂੰ ਸ਼ਹਿਰ 'ਚ ਲੱਗੇ ਸਾਰੇ ਅਜਿਹੇ ਪੋਸਟਰ ਅਤੇ ਬੈਨਰ ਹਟਾਉਣ ਦੇ ਹੁਕਮ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਅਜਿਹੇ ਮਾਮਲੇ ਸਾਹਮਣੇ ਆਉਣ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਪ੍ਰਿੰਟਿੰਗ ਪ੍ਰੈੱਸ ਮਾਲਕਾਂ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਗੈਰ ਆਗਿਆ ਦੇ ਕੋਈ ਵੀ ਬੈਨਰ ਆਦਿ ਨਾ ਲਾਉਣ। ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦੇਣ।