ਟੁੱਟੀਆਂ ਸੜਕਾਂ ਤੇ ਕੂੜੇ ਦੇ ਢੇਰਾਂ ਤੋਂ ਲੋਕ ਪ੍ਰੇਸ਼ਾਨ

06/26/2017 7:24:27 AM

ਲੁਧਿਆਣਾ, (ਮੁਕੇਸ਼)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਜੀਵਨ ਨਗਰ ਚੌਕ 'ਚ ਵਾਰਡ ਨੰ. 13 ਤੇ 14 ਵਿਖੇ ਫੈਲੀ ਹੋਈ ਗੰਦਗੀ ਕਾਰਨ ਲੱਗੇ ਹੋਏ ਗੰਦਗੀ ਦੇ ਢੇਰ ਤੇ ਟੁੱਟੀਆਂ ਹੋਈਆਂ ਸੜਕਾਂ ਨੂੰ ਲੈ ਕੇ ਹਿੰਦੋਸਤਾਨੀ ਅਵਾਮ ਮੋਰਚਾ, ਭਾਰਤੀ ਭੀਲ ਪੰਥੀ ਧਰਮ ਸਮਾਜ ਵੱਲੋਂ ਸੀਨੀਅਰ ਡਿਪਟੀ ਮੇਅਰ ਸੁਨੀਤਾ ਅਗਰਵਾਲ ਤੇ ਕੌਂਸਲਰ ਮੇਘਾ ਅਗਰਵਾਲ ਦਾ ਪੁਤਲਾ ਫੂਕ ਕੇ ਅਤੇ ਘੜੇ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। 
ਰਾਜ ਕੋਆਰਡੀਨੇਟਰ ਜੇ. ਕੇ. ਸਾਹਿਬ, ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਪਰਵਾਨਾ ਨੇ ਕਿਹਾ ਕਿ ਇਲਾਕੇ ਦੀ ਸਫਾਈ ਵਿਵਸਥਾ ਰੱਬ ਆਸਰੇ ਹੈ। ਥਾਂ-ਥਾਂ ਲੱਗੇ ਹੋਏ ਗੰਦਗੀ ਦੇ ਢੇਰਾਂ ਤੋਂ ਉੱਠਣ ਵਾਲੀ ਬਦਬੂ ਵਜੋਂ ਵਾਤਾਵਰਣ 'ਚ ਜ਼ਹਿਰ ਘੁਲ ਰਿਹਾ ਹੈ। ਗੰਦਗੀ ਦੇ ਢੇਰਾਂ 'ਚ ਪੈਦਾ ਹੋਣ ਵਾਲੇ ਮੱਛਰ ਕੀਟਾਣੂਆਂ ਦੇ ਉੱਡ ਕੇ ਦੁਕਾਨਾਂ 'ਤੇ ਪਏ ਸਾਮਾਨ ਉੱਪਰ ਪੈਣ ਨਾਲ ਮਾਲ ਖਰਾਬ ਹੋ ਰਿਹਾ ਹੈ। ਉਪਰੋਂ ਬਰਸਾਤੀ ਮੌਸਮ ਕਰ ਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਪਰਵੇਸ਼ ਕੁਮਰ, ਲਕਸ਼ਮਣ ਟਾਂਕ, ਦਿਨੇਸ਼ ਕੁਮਾਰ, ਬਿੱਟੂ ਬਿਰਲਾ, ਸੰਤੋਸ਼ ਕੁਮਾਰ, ਰਾਧੇ ਕ੍ਰਿਸ਼ਨ, ਕੀਪੀ ਭਾਮੀਆ, ਮੋਹਨ ਸਿੰਘ, ਪੰਕਜ ਕੁਮਾਰ, ਮਨੋਜ ਕੁਮਾਰ, ਰਾਜੇਸ਼ਵਰ ਪ੍ਰਸ਼ਾਦ ਨੇ ਕਿਹਾ ਕਿ ਜੀਵਨ ਨਗਰ ਤੇ ਨਾਲ ਲਗਦੇ ਇਲਾਕੇ ਦੀਆਂ ਸੜਕਾਂ ਬੁਰੀ ਤਰ੍ਹਾਂ ਨਾਲ ਟੁੱਟਣ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲਰਾਂ ਤੇ ਨਿਗਮ ਦੀ ਘਟੀਆ ਕਾਰਗੁਜ਼ਾਰੀ ਕਾਰਨ ਜਨਤਾ 'ਚ ਭਾਰੀ ਰੋਸ ਹੈ।