ਮਾਮਲੇ ਪਿੱਛੇ ਡਿਸਟੈਂਸ ਐਜੂਕੇਸ਼ਨ ਮਾਫੀਆ ਦਾ ਹੱਥ : ਡਾ. ਚਾਵਲਾ

Friday, Jan 12, 2018 - 02:59 AM (IST)

ਅੰਮ੍ਰਿਤਸਰ,   (ਮਹਿੰਦਰ, ਕਮਲ)¸  ਹਾਲ ਹੀ ਵਿਚ ਪੀ. ਟੀ. ਯੂ. ਵਿਚ ਹੋਏ ਕਰੋੜਾਂ ਦੇ ਦੱਸੇ ਜਾ ਰਹੇ ਘਪਲੇ ਵਿਚ ਪੀ. ਟੀ. ਯੂ. ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਨੇ ਪੂਰੀ ਤਰ੍ਹਾਂ ਨਾਲ ਅਣਉੱਚਿਤ ਦੱਸਿਆ ਹੈ।ਉਨ੍ਹਾਂ ਨੇ ਕਿਹਾ ਕਿ ਰਜਨੀਸ਼ ਅਰੋੜਾ ਵਰਗੇ ਵਿਅਕਤੀ ਜਿਸ ਨੇ ਆਪਣੀ ਜ਼ਿੰਦਗੀ ਦੇ 15 ਸਾਲ ਮਨੁੱਖਤਾ ਦੀ ਸੇਵਾ ਵਿਚ ਲਾ ਦਿੱਤੇ, ਉਸ 'ਤੇ ਘਪਲੇ ਦੇ ਦੋਸ਼ ਲਾਉਣਾ ਕਿਸੇ ਹੋਰ ਘਪਲੇ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਜਨੀਸ਼ ਅਰੋੜਾ ਕਿਸੇ ਵੀ ਘਪਲੇ ਵਿਚ ਸ਼ਾਮਲ ਨਹੀਂ ਹਨ, ਬਲਕਿ ਇਸ ਮਾਮਲੇ ਵਿਚ ਉਸ ਕਾਂਗਰਸੀ ਡਿਸਟੈਂਸ ਐਜੂਕੇਸ਼ਨ ਮਾਫੀਆ ਦਾ ਹੱਥ ਹੈ ਜਿਨ੍ਹਾਂ ਦਾ ਨੈਕਸਸ ਰਜਨੀਸ਼ ਅਰੋੜਾ ਨੇ ਆਪਣੇ ਕਾਰਜਕਾਲ ਦੌਰਾਨ ਤੋੜਨ ਦਾ ਯਤਨ ਕੀਤਾ ਸੀ।ਡਾ. ਰਜਨੀਸ਼ ਅਰੋੜਾ ਇਕ ਬਹੁਤ ਹੀ ਈਮਾਨਦਾਰ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਵਿਅਕਤੀ ਹਨ। ਸਿੱਖਿਆ ਖੇਤਰ ਵਿਚ ਉਨ੍ਹਾਂ ਨੇ ਕਈ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰ ਕੇ ਉੁੱਚੇ ਮੁਕਾਮ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਸੀ। ਡਾ. ਅਰੋੜਾ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮਹਾਨ ਨੇਤਾਵਾਂ ਵਿਚੋਂ ਇਕ ਹਨ ਅਤੇ ਉਨ੍ਹਾਂ 'ਤੇ ਘਪਲੇ ਦੇ ਦੋਸ਼ ਲਾਉਣਾ ਮਾਨਵਤਾ ਦਾ ਅਪਮਾਨ ਹੈ। ਉਨ੍ਹਾਂ ਨੇ ਵਾਈਸ ਚਾਂਸਲਰ ਦੇ ਅਹੁਦੇ 'ਤੇ ਰਹਿੰਦੇ ਹੋਏ ਇਕ ਨਵੇਂ ਪੈਸੇ ਦੀ ਵੀ ਰਿਸ਼ਵਤ ਨਹੀਂ ਲਈ ਸੀ, ਬਲਕਿ ਸਾਰਿਆਂ ਦੀ ਸਹਾਇਤਾ ਕਰਨ ਦਾ ਵੀ ਯਤਨ ਕਰਦੇ ਰਹੇ।ਜਿਨ੍ਹਾਂ ਲੋਕਾਂ ਨੇ ਡਾ. ਰਜਨੀਸ਼ ਅਰੋੜਾ 'ਤੇ ਝੂਠੇ ਦੋਸ਼ ਲਾਏ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿਚ ਗਲਤ ਤਰੀਕੇ ਨਾਲ ਫਸਾਇਆ ਹੈ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਮੂੰਹ ਦੀ ਖਾਣੀ ਪਵੇਗੀ। ਡਾ. ਅਰੋੜਾ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਪਾਕਿ ਸਾਫ ਹੋ ਕੇ ਬਾਹਰ ਆਉਣਗੇ।


Related News