ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਦੋ ਧਿਰਾਂ ਦਰਮਿਆਨ ਹੋਇਆ ਝਗੜਾ, ਦੋਵੇਂ ਧਿਰਾਂ ਜ਼ਖ਼ਮੀ

07/24/2020 7:17:24 PM

ਵਲਟੋਹਾ(ਗੁਰਮੀਤ) - ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਵਲਟੋਹਾ ਵਿਖੇ 24 ਘੰਟੇ ਬਿਜਲੀ ਦੀ ਸਪਲਾਈ ਦੀ ਤਾਰ ਨੂੰ ਲੈ ਕੇ ਹੋਏ ਝਗੜੇ ਦੌਰਾਨ ਦੋਵਾਂ ਧਿਰਾਂ ਦੇ ਵਿਅਕੀਆਂ ਨੂੰ ਸੱਟਾਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਸਾਬਕਾ ਫੌਜੀ ਮਹਿੰਦਰ ਸਿੰਘ ਅਤੇ ਉਸ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਆਏ ਤੇਜ਼ ਹਨੇਰੀ ਝੱਖੜ ਨਾਲ 2 ਬਿਜਲੀ ਦੇ ਖੰਭੇ ਟੁੱਟ ਕੇ ਖੇਤਾਂ ਵਿਚ ਡਿੱਗ ਪਏ। ਜਿਸ ਤੋਂ ਬਾਅਦ ਉਸ ਦੇ ਦਿਓਰ ਅਤੇ ਦਰਾਣੀਆਂ ਨੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕਿ ਟਰੈਕਟਰ ਨਾਲ ਖਿੱਚ ਕੇ ਖੰਭੇ ਖੜ੍ਹੇ ਕਰ ਦਿੱਤੇ ਜਾਣ। ਪਰ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਨਾਲ ਮੇਰੀ ਝੋਨੇ ਦੀ ਫਸਲ ਖਰਾਬ ਹੋਣ ਦਾ ਖਦਸ਼ਾ ਸੀ। ਮੈਂ ਇਨ੍ਹਾਂ ਨੂੰ ਸਲਾਹ ਦਿੱਤੀ ਕਿ ਆਰਜ਼ੀ ਤੌਰ 'ਤੇ ਖੰਭਾ ਖੜ੍ਹਾ ਕਰਕੇ ਬਿਜਲੀ ਸਪਲਾਈ ਚਲਾ ਲਈ ਜਾਵੇ ਪਰ ਉਕਤ ਵਿਅਕਤੀ ਨਹੀਂ ਮੰਨੇ ਅਤੇ ਇਨ੍ਹਾਂ ਨੇ ਘਰ ਵਿਚ ਦਾਖਲ ਹੋ ਕੇ ਰਣਜੀਤ ਕੌਰ ਦੀ ਕੁੱਟ ਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਇਸ ਸਬੰਧੀ ਅਸੀਂ ਥਾਣਾ ਵਲਟੋਹਾ ਵਿਖੇ ਲਿਖਤੀ ਦਰਖ਼ਾਸਤ ਦੇ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਪਾਰਟੀਆਂ ਨੂੰ 4 ਵਜੇ ਦਾ ਸਮਾਂ ਦੇ ਕੇ ਘਰ ਭੇਜ ਦਿੱਤਾ ਅਤੇ ਜਦੋਂ ਅਸੀਂ ਵਾਪਸ ਘਰ ਜਾ ਰਹੇ ਸੀ ਤਾਂ ਰਾਜਬੀਰ ਕੌਰ ਨੇ ਆਪਣੇ ਪੇਕਿਆਂ ਤੋਂ ਬੰਦੇ ਮੰਗਵਾ ਕੇ ਸਾਨੂੰ ਰਸਤੇ ਵਿਚ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟ ਮਾਰ ਕੀਤੀ। ਜਿਸ ਦੌਰਾਨ ਮੇਰੇ ਗੰਭੀਰ ਸੱਟਾਂ ਲੱਗੀਆਂ ਅਤੇ ਇਸ ਸਮੇਂ ਸਰਕਾਰੀ ਹਸਪਤਾਲ ਖੇਮਕਰਨ ਵਿਚ ਜ਼ੇਰੇ ਇਲਾਜ ਹਾਂ।

ਉਧਰ ਰਾਜਬੀਰ ਕੌਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮੇਰੇ ਜੇਠ ਅਤੇ ਜਿਠਾਣੀ ਨੇ ਸਾਡੇ ਸੱਟਾਂ ਮਾਰੀਆਂ ਹਨ। ਉਸ ਨੇ ਕਿਹਾ ਕਿ ਮੈਂ ਗਰੀਬ ਹਾਂ ਅਤੇ ਇਹ ਆਪਣੇ ਪੈਸੇ ਦਾ ਰੋਹਬ ਵਿਖਾ ਕੇ ਸਾਡੇ 'ਤੇ ਦਬਾਅ ਬਣਾ ਰਹੇ ਹਨ। ਇਸ ਸਬੰਧੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਕਿਹਾ ਕਿ ਸਾਨੂੰ ਦੋਨਾਂ ਪਾਰਟੀਆਂ ਵਲੋਂ ਅਜੇ ਤੱਕ ਡਾਕਟਰੀ ਰਿਪੋਰਟ ਨਹੀਂ ਮਿਲੀ ਅਤੇ ਦੋਵੇਂ ਪਾਰਟੀਆਂ ਜ਼ਖ਼ਮੀ ਹਨ। ਡਾਕਟਰੀ ਰਿਪੋਰਟ ਦੇ ਆਧਾਰ 'ਤੇ ਹੀ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

Harinder Kaur

This news is Content Editor Harinder Kaur