ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੀ ਜੜ੍ਹ ਹੈ ਅੱਤਵਾਦੀ ਪੰਨੂ, ਭਾਰਤ ਖ਼ਿਲਾਫ਼ ਕਰ ਰਿਹੈ ਗਲਤ ਪ੍ਰਚਾਰ

10/26/2023 11:18:29 AM

ਜਲੰਧਰ (ਇੰਟ.)–ਕੈਨੇਡਾ ’ਚ ਖਾਲਿਸਤਾਨੀਆਂ ਵੱਲੋਂ ਭਾਰਤ ਦੇ ਸਿਆਸਤਦਾਨਾਂ ਦੇ ਪੁਤਲੇ ਸਾੜਨ ਅਤੇ ਤਿਰੰਗੇ ਦਾ ਅਪਮਾਨ ਕਰਨ ’ਤੇ ਭਾਜਪਾ ਬਹੁਤ ਭੜਕੀ ਹੋਈ ਹੈ। ਇਹ ਘਟਨਾਚੱਕਰ ਅਜਿਹੇ ਵੇਲੇ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਨੂੰ ਖ਼ਰਾਬ ਕਰਨ ਦਾ ਦੋਸ਼ ਭਾਰਤ ਦੇ ਸਿਰ ’ਤੇ ਮੜ੍ਹ ਰਹੇ ਹਨ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦੀ ਜੜ੍ਹ ਹੀ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਸੰਗਠਨ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਹੈ, ਜੋ ਟਰੂਡੋ ਸਰਕਾਰ ਦੇ ਰਾਜ ਵਿਚ ਕੈਨੇਡਾ ’ਚ ਖੁੱਲ੍ਹੇਆਮ ਤਿਰੰਗੇ ਦਾ ਅਪਮਾਨ ਅਤੇ ਭਾਰਤ ਵਿਰੋਧੀ ਸਰਗਰਮੀਆਂ ਕਰ ਰਿਹਾ ਹੈ।

ਵੀਜ਼ਾ ਮੰਗਣ ਵਾਲੇ ਗੁਰਦੁਆਰਿਆਂ ਨੇ ਨਹੀਂ ਲਿਆ ਸਟੈਂਡ
ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਦੁਸਹਿਰੇ ਦੇ ਪਵਿੱਤਰ ਤਿਉਹਾਰ ’ਤੇ ਕੈਨੇਡਾ ਵਿਚ ਖਾਲਿਸਤਾਨ ਸਮਰਥਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਹਾਈ ਕਮਿਸ਼ਨਰ ਸੰਜੇ ਵਰਮਾ ਦੇ ਪੁਤਲੇ ਸਾੜੇ ਜਾਣ ਦੀ ਸਖ਼ਤ ਨਿੰਦਾ ਕੀਤੀ ਹੈ। ਦੁਸਹਿਰੇ ਦੇ ਮੌਕੇ ’ਤੇ ਪੀ. ਐੱਮ. ਮੋਦੀ ਦੇ ਪੁਤਲੇ ਦੇ ਨਾਲ ਹੀ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦੇ ਪੁਤਲੇ ਵੀ ਸਾੜੇ ਗਏ। ਸਿੰਘ ਨੇ ਕਿਹਾ ਕਿ ਕੈਨੇਡਾ ਦੇ ਘੱਟੋ-ਘੱਟ 15 ਉਨ੍ਹਾਂ ਗੁਰਦੁਆਰਿਆਂ ਦੀ ਗਵਰਨਿੰਗ ਕੌਂਸਲ ਨੂੰ ਖਾਲਿਸਤਾਨੀ ਸਮਰਥਕਾਂ ਖ਼ਿਲਾਫ਼ ਸਟੈਂਡ ਲੈਣਾ ਚਾਹੀਦਾ ਹੈ, ਜਿਨ੍ਹਾਂ ਨੇ ਕੈਨੇਡਿਆਈ ਨਾਗਰਿਕਾਂ ਲਈ ਵੀਜ਼ਾ ਵਾਸਤੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਹੈ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਵਿਚਾਲੇ ਜਲੰਧਰ 'ਚ ਵੀਜ਼ਾ ਅਰਜ਼ੀਆਂ ਸਬੰਧੀ ਅਹਿਮ ਖ਼ਬਰ

ਲਾਏ ਭਾਰਤ ਤੇ ਹਿੰਦੂ-ਵਿਰੋਧੀ ਨਾਅਰੇ
ਇਸ ਮੌਕੇ ’ਤੇ ਓਟਾਵਾ ਵਿਚ ਭਾਰਤ ਦੀ ਹਾਈ ਕਮਿਸ਼ਨ ਤੋਂ ਇਲਾਵਾ ਟੋਰਾਂਟੋ ਤੇ ਵੈਨਕੂਵਰ ਵਿਚ ਕਾਊਂਸਲ ਦੀਆਂ ਇਮਾਰਤਾਂ ਦੇ ਬਾਹਰ ਬੰਦ ਸੜਕਾਂ ’ਤੇ ਕੈਨੇਡਿਆਈ ਸਿੱਖਾਂ ਨੇ ਵਿਖਾਵਾ ਕੀਤਾ। ਇਹ ਸਿੱਖ ਜੂਨ ਵਿਚ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੋਈ ਹੱਤਿਆ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਪੁਤਲੇ ਸਾੜਨ ਵੇਲੇ ਖਾਲਿਸਤਾਨੀ ਭਾਰਤ ਤੇ ਹਿੰਦੂ ਵਿਰੋਧੀ ਨਾਅਰੇ ਵੀ ਲਾ ਰਹੇ ਸਨ। ਇਸ ਘਟਨਾ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਆਲੋਚਨਾਵਾਂ ਨਾਲ ਘਿਰ ਗਏ ਹਨ। ਹੁਣੇ ਜਿਹੇ ਟਰੂਡੋ ਨੇ ਇਕ ਬਿਆਨ ਵਿਚ ਭਾਰਤ ਨੂੰ ਰਿਸ਼ਤੇ ਵਿਗਾੜਨ ਲਈ ਕਸੂਰਵਾਰ ਠਹਿਰਾਇਆ ਸੀ। ਇਹ ਘਟਨਾ ਉਸ ਵੇਲੇ ਹੋਈ ਹੈ ਜਦੋਂ ਕੁਝ ਸਮਾਂ ਪਹਿਲਾਂ ਪੀ. ਐੱਮ. ਟਰੂਡੋ ਨੇ ਕਿਹਾ ਸੀ ਕਿ ਦੁਨੀਆ ਨੂੰ ਭਾਰਤ ਦੇ ਕਦਮਾਂ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਹੈ।

ਟਰੂਡੋ ਨੇ ਲਾਏ ਸਨ ਭਾਰਤ ’ਤੇ ਦੋਸ਼
ਭਾਰਤ ਵੱਲੋਂ ਪਿਛਲੇ ਦਿਨੀਂ 41 ਕੈਨੇਡਿਆਈ ਡਿਪਲੋਮੈਟਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਅਮਰੀਕਾ, ਬ੍ਰਿਟੇਨ ਤੇ ਆਸਟ੍ਰੇਲੀਆ ਨੇ ਇਸ ਮਸਲੇ ’ਤੇ ਕੈਨੇਡਾ ਦਾ ਸਾਥ ਦਿੱਤਾ ਹੈ। ਟਰੂਡੋ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ 41 ਡਿਪਲੋਮੈਟਾਂ ਦੀ ਸੁਰੱਖਿਆ ਰੱਦ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਮੋਦੀ ਸਰਕਾਰ ਭਾਰਤ ਤੇ ਕੈਨੇਡਾ ਵਿਚ ਲੱਖਾਂ ਲੋਕਾਂ ਲਈ ਜੀਵਨ ਨੂੰ ਆਮ ਢੰਗ ਨਾਲ ਜਾਰੀ ਰੱਖਣਾ ਮੁਸ਼ਕਲ ਬਣਾ ਰਹੀ ਹੈ। ਟਰੂਡੋ ਦੀ ਮੰਨੀਏ ਤਾਂ ਭਾਰਤ ਨੇ ਕੂਟਨੀਤੀ ਦੇ ਇਕ ਬਹੁਤ ਬੁਨਿਆਦੀ ਸਿਧਾਂਤ ਦੀ ਉਲੰਘਣਾ ਕੀਤੀ ਹੈ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਬੋਲੈਰੋ ਗੱਡੀ ਨੇ ਦਾਦੀ-ਪੋਤੀ ਨੂੰ ਕੁਚਲਿਆ, 3 ਸਾਲਾ ਬੱਚੀ ਦੀ ਦਰਦਨਾਕ ਮੌਤ

ਖਾਲਿਸਤਾਨੀਆਂ ਨੂੰ ਵੀਜ਼ਾ ਦੇ ਰਹੇ ਸਨ ਕੈਨੇਡਾ ਦੇ ਡਿਪਲੋਮੈਟ
ਭਾਰਤ ਸਰਕਾਰ ਦੇ ਚੋਟੀ ਦੇ ਸੂਤਰਾਂ ਨੇ ਦੋਸ਼ ਲਾਇਆ ਹੈ ਕਿ ਚੰਡੀਗੜ੍ਹ ਅਤੇ ਪੰਜਾਬ ਵਿਚ ਕੌਂਸੂਲੇਟ ’ਚ ਕੈਨੇਡਿਆਈ ਡਿਪਲੋਮੈਟ ਉਨ੍ਹਾਂ ਲੋਕਾਂ ਨੂੰ ਵੀਜ਼ਾ ਜਾਰੀ ਕਰ ਰਹੇ ਹਨ, ਜੋ ਖਾਲਿਸਤਾਨੀ ਸਮਰਥਕ ਹਨ। ਇਸ ਸਾਲ ਜੁਲਾਈ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸੱਰੇ ਵਿਚ ਕੈਨੇਡਾ ਸਥਿਤ ਖਾਲਿਸਤਾਨ ਸਮਰਥਕ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ। ਮੀਡੀਆ ’ਚ ਚੱਲ ਰਹੀਆਂ ਖਬਰਾਂ ਮੁਤਾਬਕ ਅਪਰਾਧਕ ਪਿਛੋਕੜ ਹੋਣ ਦੇ ਬਾਵਜੂਦ ਕੈਨੇਡਿਆਈ ਡਿਪਲੋਮੈਟ ਉਨ੍ਹਾਂ ਲੋਕਾਂ ਨੂੰ ਆਸਾਨੀ ਨਾਲ ਵੀਜ਼ਾ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਵੀਜ਼ਾ ਦੀ ਮਿਆਦ ਵੀ ਵਧਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ ਕਰਦੀ ਘਟਨਾ, ਨਾਨੀ ਦੇ ਸਸਕਾਰ 'ਤੇ ਆਏ ਦੋਹਤੇ ਨੂੰ ਕੀਤਾ ਲਹੂ-ਲੁਹਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri