ਖੰਨਾ ਦੇ ਕਾਲਜ ''ਚ ਕਸ਼ਮੀਰੀ ਤੇ ਹਿਮਾਚਲੀ ਵਿਦਿਆਰਥੀ ਆਪਸ ''ਚ ਉਲਝੇ

02/20/2019 1:37:53 PM

ਖੰਨਾ (ਵਿਪਨ) : ਖੰਨਾ 'ਚ ਸਥਿਤ ਇਕ ਕਾਲਜ 'ਚ ਪੁਲਵਾਮਾ ਹਮਲੇ ਨੂੰ ਲੈ ਕੇ ਹੋਈ ਤਕਰਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਗਈ, ਜਿਸ 'ਚ ਹਿਮਾਚਲੀ ਵਿਦਿਆਰਥੀਆਂ ਦੀ ਕਸ਼ਮੀਰੀ ਵਿਦਿਆਰਥੀਆਂ ਨਾਲ ਝੜਪ  ਹੋ ਗਈ ਅਤੇ ਸਾਰੇ ਵਿਦਿਆਰਥੀਆਂ 'ਚ ਤਣਾਅ ਵਾਲਾ ਮਾਹੌਲ ਪੈਦਾ ਹੋ ਗਿਆ। ਪੁਲਸ ਨੇ ਮੌਕੇ 'ਤੇ ਪੁੱਜ ਕੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਾਇਆ ਅਤੇ ਕਾਲਜ 'ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ। ਜਾਣਕਾਰੀ ਮੁਤਾਬਕ ਸ਼ਹਿਰ ਦੇ ਇਕ ਨਿਜੀ ਕਾਲਜ ਦੇ ਹੋਸਟਲ 'ਚ ਕੁਝ ਕਸ਼ਮੀਰੀ ਵਿਦਿਆਰਥੀਆਂ ਦਾ ਹਿਮਾਚਲ ਦੇ ਵਿਦਿਆਰਥੀਆਂ ਨਾਲ ਝਗੜਾ ਹੋ ਗਿਆ ਅਤੇ ਗੱਲ ਇੰਨੀ ਵਧ ਗਈ ਕਿ ਪੁਲਸ ਨੂੰ ਬੁਲਾਉਣਾ ਪਿਆ। ਦੋਹਾਂ ਧਿਰਾਂ ਨੇ ਇਕ-ਦੂਜੇ 'ਤੇ ਨਾਜਾਇਜ਼ ਤੌਰ 'ਤੇ ਤੰਗ ਕਰਨ ਅਤੇ ਕੁੱਟਮਾਰ ਦੇ ਦੋਸ਼ ਲਾਏ ਪਰ ਕਾਲਜ ਪ੍ਰਸ਼ਾਸਨ ਨੇ ਵਿਚ ਪੈਂਦੇ ਹੋਏ ਮਾਮਲਾ ਸੁਲਝਾ ਦਿੱਤਾ, ਹਾਲਾਂਕਿ ਹਿਮਾਚਲੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਸ਼ਮੀਰੀ ਵਿਦਿਆਰਥੀ ਅਕਸਰ ਹੋਸਟਲ 'ਚ ਹੰਗਾਮਾ ਮਚਾਉਂਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਉਣ ਤੋਂ ਗੁਰੇਜ਼ ਨਹੀਂ ਕਰਦੇ, ਜਦੋਂ ਕਿ ਕਸ਼ਮੀਰੀ ਵਿਦਿਆਰਥੀਆਂ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਹੈ ਕਿ ਸਾਰੇ ਦੋਸ਼ ਝੂਠੇ ਅਤੇ ਬੇ-ਬੁਨਿਆਦ ਹਨ। ਦੂਜੇ ਪਾਸੇ ਕਾਲਜ ਪ੍ਰਸ਼ਾਸਨ ਅਤੇ ਹੋਰ ਸਟਾਫ ਦਾ ਕਹਿਣਾ ਹੈ ਕਿ ਵਿਦਿਆਰਥੀਆਂ 'ਚ ਕਿਸੇ ਨਿਜੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਉਨ੍ਹਾਂ ਦੀ ਨਾਸਮਝੀ ਕਾਰਨ ਪੁਲਸ ਨੂੰ ਬੁਲਾਉਣਾ ਪਿਆ ਸੀ ਅਤੇ ਇਹ ਮਾਮਲਾ ਹੁਣ ਸੁਲਝਾ ਲਿਆ ਗਿਆ ਹੈ। 
 

Babita

This news is Content Editor Babita