ਸਰਕਾਰ ਬਣਦੇ ਹੀ ਮੰਡ ਦੇ ਆਬਾਦਕਾਰ ਕਿਸਾਨਾਂ ਦਾ ਉਜਾੜਾ ਵੱਡੀ ਬੇਇਨਸਾਫੀ

10/26/2017 2:54:39 AM

ਸੁਲਤਾਨਪੁਰ ਲੋਧੀ,  (ਸੋਢੀ)-  ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਹੁਸੈਨਪੁਰ ਬੂਲੇ ਦੇ 30 ਦੇ ਕਰੀਬ ਕਿਸਾਨਾਂ ਦੀ ਆਬਾਦ ਕੀਤੀ ਜ਼ਮੀਨ ਭਾਰੀ ਪੁਲਸ ਲੈ ਕੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੋਂ ਖੋਹਣ ਦੀ ਕੀਤੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਹੈ ਕਿ ਕਬਜ਼ੇ ਸਬੰਧੀ ਜ਼ਮੀਨ ਦੇ ਕੇਸ ਨੂੰ ਮਨੁੱਖੀ ਹਮਦਰਦੀ ਦੇ ਤੌਰ 'ਤੇ ਵਿਚਾਰਦੇ ਹੋਏ ਜ਼ਮੀਨ ਨੂੰ ਵਾਹੀਯੋਗ ਬਣਾਉਣ ਵਾਲੇ ਕਿਸਾਨਾਂ ਦਾ ਉਜਾੜਾ ਨਾ ਕੀਤਾ ਜਾਵੇ ਤੇ ਆਬਾਦ ਕਰ ਕੇ ਆਪਣੇ ਘਰ ਬਣਾ ਕੇ ਰਹਿਣ ਵਾਲੇ ਕਿਸਾਨਾਂ ਨੂੰ ਇਹ ਜ਼ਮੀਨ ਵਾਪਸ ਦਿੱਤੀ ਜਾਵੇ। ਇਸ ਸਬੰਧੀ ਅਕਾਲੀ ਆਗੂਆਂ ਨੇ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੂੰ ਮੰਗ ਪੱਤਰ ਸੌਂਪਿਆ ਤੇ ਗਰੀਬ ਕਿਸਾਨਾਂ ਤੋਂ ਜ਼ਮੀਨ ਨਾ ਖੋਹਣ ਦੀ ਮੰਗ ਕੀਤੀ।
 ਅਕਾਲੀ ਦਲ ਦੇ ਆਗੂ ਇੰਜੀ. ਸਵਰਨ ਸਿੰਘ ਰਿਟਾ. ਐਡੀਸ਼ਨਲ ਐੱਸ. ਈ., ਜਥੇ. ਗੁਰਜੰਟ ਸਿੰਘ ਸੰਧੂ ਚੇਅਰਮੈਨ, ਜਥੇ. ਬਲਦੇਵ ਸਿੰਘ ਪਰਮਜੀਤਪੁਰ ਚੇਅਰਮੈਨ, ਜਥੇ. ਹਰਜਿੰਦਰ ਸਿੰਘ ਵਿਰਕ ਮੈਂਬਰ ਜਨਰਲ ਕੌਂਸਲ, ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਕਿਸਾਨ ਵਿੰਗ ਦੇ ਪ੍ਰਧਾਨ ਜਥੇ. ਸ਼ਮਸ਼ੇਰ ਸਿੰਘ ਭਰੋਆਣਾ, ਜਥੇ. ਗੁਰਦੀਪ ਸਿੰਘ ਭਾਗੋਰਾਈਆਂ, ਮਹਿੰਦਰ ਸਿੰਘ ਲੋਧੀਵਾਲ (ਸਰਪੰਚ), ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਭੁਪਿੰਦਰ ਸਿੰਘ ਖਿੰਡਾ, ਸਕੱਤਰ ਸਿੰਘ ਹਰਨਾਮਪੁਰ ਤੇ ਡਾ. ਜਸਬੀਰ ਸਿੰਘ ਭੌਰ ਮੀਤ ਪ੍ਰਧਾਨ ਕਿਸਾਨ ਵਿੰਗ ਆਦਿ ਨੇ ਕਿਹਾ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਦੇ ਹੀ ਹਲਕੇ ਦੇ ਮੰਡ ਖੇਤਰ ਦੇ ਆਬਾਦਕਾਰ ਕਿਸਾਨਾਂ ਦਾ ਉਜਾੜਾ ਸ਼ੁਰੂ ਹੋ ਗਿਆ ਹੈ ਜੋ ਕਿ ਬਹੁਤ ਮਾੜੀ ਗੱਲ ਹੈ।