ਡਿਸਪੈਂਸਰੀ ''ਚ ਦਵਾਈਆਂ ਦੀ ਘਾਟ ਬਣੀ ਵੱਡੀ ਸਮੱਸਿਆ

01/18/2018 7:51:25 AM

ਭਿੱਖੀਵਿੰਡ/ਬੀੜ ਸਾਹਿਬ,   (ਭਾਟੀਆ, ਬਖਤਾਵਰ, ਲਾਲੂ ਘੁੰਮਣ)-  ਪਿੰਡ ਰਾਜੋਕੇ ਦੀ ਸਰਕਾਰੀ ਡਿਸਪੈਂਸਰੀ ਵਿਖੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਵੱਲੋਂ ਦਵਾਈਆਂ ਦੀ ਘਾਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਾਰਜ ਸਿੰਘ, ਰਸਾਲ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬੇਅੰਤ ਸਿੰਘ, ਹਰਚੰਦ ਸਿੰਘ, ਬਾਜ ਸਿੰਘ ਤੇ ਗੁਰਵੇਲ ਸਿੰਘ ਦਾ ਦੋਸ਼ ਸੀ ਕਿ ਸਰਕਾਰ ਵੱਲੋਂ ਭਾਵੇਂ ਹਰ ਸਾਲ ਕਰੋੜਾਂ ਰੁਪਏ ਦੀਆਂ ਫ੍ਰੀ ਦਵਾਈਆਂ ਭੇਜਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਹਕੀਕਤ ਹੇਠਲੇ ਪੱਧਰ 'ਤੇ ਡਾਕਟਰਾਂ ਵੱਲੋਂ ਦੋ-ਤਿੰਨ ਦਵਾਈਆਂ ਤੋਂ ਇਲਾਵਾ ਡਿਸਪੈਂਸਰੀ 'ਚ ਹੋਰ ਕੋਈ ਵੀ ਦਵਾਈ ਨਹੀਂ ਦਿੱਤੀ ਜਾ ਰਹੀ।
ਕੁਝ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਇਥੇ ਐਕਸਰੇ ਦੀਆਂ ਮਸ਼ੀਨਾਂ ਦੀ ਸਹੂਲਤ ਹੋਣ ਦੇ ਬਾਵਜੂਦ ਵੀ ਸਾਨੂੰ ਐਕਸਰੇ ਕਰਵਾਉਣ ਲਈ ਖੇਮਕਰਨ ਭੇਜਿਆ ਜਾਂਦਾ ਹੈ। ਡਾਕਟਰਾਂ ਦੀ ਵੱਡੀ ਘਾਟ ਹੈ। ਕੇਵਲ ਦੋ ਡਾਕਟਰ ਹੀ ਇਥੇ ਆਉਂਦੇ ਹਨ। ਮੌਕੇ 'ਤੇ ਮਰੀਜ਼ਾਂ ਨੂੰ ਦੇਖ ਰਹੇ ਡਾਕਟਰ ਤਰਨਦੀਪ ਕੌਰ ਦਾ ਕਹਿਣਾ ਸੀ ਕਿ ਜਿੰਨੀਆਂ ਵੀ ਦਵਾਈਆਂ ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਗਈਆਂ ਹਨ, ਉਸ ਮੁਤਾਬਕ ਹੀ ਇਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ। 
ਇਸ ਮੌਕੇ ਪਿੰਡ ਰਾਜੋਕੇ ਦੀ ਡਿਸਪੈਂਸਰੀ ਵਿਖੇ ਪਹੁੰਚੇ ਐੱਸ. ਐੱਮ. ਓ. ਖੇਮਕਰਨ ਡਾ. ਗੁਰਪ੍ਰੀਤ ਸਿੰਘ ਰਾਏ ਦਾ ਕਹਿਣਾ ਸੀ ਕਿ ਸਟਾਫ ਦੀ ਘਾਟ ਹੈ। ਲੈਬ ਤਕਨੀਸ਼ੀਅਨ ਨਾ ਹੋਣ ਕਰ ਕੇ ਐਕਸਰੇ ਨਹੀਂ ਹੋ ਰਹੇ।