ਅਕਾਲੀ ਦਲ ਵਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ : ਅਮਰਿੰਦਰ

12/11/2017 5:56:32 AM

ਜਲੰਧਰ  (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਤੇ ਦਿਨੀਂ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਸੜਕਾਂ ਤੋਂ ਲੰਘਣ ਵਾਲੀ ਆਮ ਜਨਤਾ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਟਵਿਟਰ 'ਤੇ ਅਕਾਲੀ ਦਲ ਖਿਲਾਫ ਸਿਆਸੀ ਹਮਲਾ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਨੂੰ ਇਹ ਪਤਾ ਨਹੀਂ ਹੈ ਕਿ ਨੈਸ਼ਨਲ ਹਾਈਵੇ ਨੂੰ ਜਾਮ ਕਰਨਾ ਕਾਨੂੰਨ ਦੇ ਖਿਲਾਫ ਹੈ ਜਾਂ ਫਿਰ ਅਕਾਲੀ ਦਲ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕਤੰਤਰ 'ਚ ਪ੍ਰਦਰਸ਼ਨ ਕਰਨ ਦਾ ਸਾਰਿਆਂ ਨੂੰ ੱਅਧਿਕਾਰ ਹੈ ਪਰ ਜਿਸ ਤਰ੍ਹਾਂ ਨੈਸ਼ਨਲ ਹਾਈਵੇ ਨੂੰ ਅਕਾਲੀ ਦਲ ਨੇ ਜਾਮ ਕੀਤਾ, ਉਹ ਗੈਰ-ਕਾਨੂੰਨੀ ਸੀ ਅਤੇ ਨਾਲ ਹੀ ਜਨਤਾ ਦੇ ਹਿੱਤਾਂ ਦੇ ਖਿਲਾਫ ਸੀ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਜਾਮ ਕਰਨ ਨਾਲ ਜਨਤਾ ਟ੍ਰੈਫਿਕ ਜਾਮ 'ਚ ਫਸੀ ਰਹੀ। ਇਥੋਂ ਤਕ ਕਿ ਜੰਮੂ-ਕਸ਼ਮੀਰ ਅਤੇ ਹੋਰ ਖੇਤਰਾਂ 'ਚ ਦੇਸ਼ ਦੀ ਰੱਖਿਆ ਕਰ ਰਹੀਆਂ ਹਥਿਆਰਬੰਦ ਫੌਜਾਂ ਨੂੰ ਭੇਜਿਆ ਜਾਣ ਵਾਲਾ ਸਾਮਾਨ ਵੀ ਨਹੀਂ ਪਹੁੰਚ ਸਕਿਆ। ਇਸ ਤਰ੍ਹਾਂ ਅਕਾਲੀ ਦਲ ਨੇ ਦੇਸ਼ ਦੀ ਸੁਰੱਖਿਆ ਨਾਲ ਵੀ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਉਨ੍ਹਾਂ ਸ਼ਰਧਾਲੂਆਂ ਦੇ ਮਾਰਗ 'ਚ ਅੜਿੱਕਾ ਲਾਇਆ ਜੋ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਸਨ। ਅਕਾਲੀ ਦਲ ਨੂੰ ਸਿਰਫ ਆਪਣੇ ਨਿੱਜੀ ਸਵਾਰਥਾਂ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ  ਸ਼੍ਰੋਮਣੀ ਅਕਾਲੀ ਦਲ ਹੁਣ ਆਮ ਆਦਮੀ ਪਾਰਟੀ ਵਾਂਗ ਗਲੀ-ਮੁਹੱਲਿਆਂ ਦੀ ਸਿਆਸਤ 'ਤੇ ਉਤਰ ਆਇਆ ਹੈ। ਇਸ ਨੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਕੋਈ ਸਬਕ ਨਹੀਂ ਲਿਆ, ਕਿਉਂਕਿ ਕੇਜਰੀਵਾਲ ਦੀ ਪਾਰਟੀ ਵੀ ਗਲੀ-ਮੁਹੱਲਿਆਂ ਦੀ ਸਿਆਸਤ ਕਰਦੀ ਸੀ।