ਹੋਲੀ ’ਤੇ ਰਹੀ ਚਰਚਾ, ਇਕ-ਦੂਜੇ ਦੀ ਹਾਰ ਨੂੰ ਲੈ ਕੇ ਫੁੱਲੇ ਨਹੀਂ ਸਮਾ ਰਹੇ ਕਾਂਗਰਸ ਨੇਤਾ

03/20/2022 10:03:47 AM

ਲੁਧਿਆਣਾ (ਹਿਤੇਸ਼) : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਣ ਤੋਂ ਬਾਅਦ ਕਾਂਗਰਸ ਦੀ ਹਾਰ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਇਸਦੇ ਲਈ ਭਾਂਵੇ ਹੀ ਹਾਈਕਮਾਨ ਵਲੋਂ ਉਮੀਦਵਾਰਾਂ, ਸੰਸਦ ਮੈਂਬਰਾਂ ਅਤੇ ਵਰਕਿੰਗ ਕਮੇਟੀ ਨਾਲ ਮੀਟਿੰਗ ਕੀਤੀ ਗਈ ਹੈ ਪਰ ਪੰਜਾਬ ਦੇ ਦਿੱਗਜ ਕਾਂਗਰਸ ਨੇਤਾ ਇਕ-ਦੂਜੇ ’ਤੇ ਭੜਾਸ ਕੱਢਣ ਵਿਚ ਲੱਗੇ ਹੋਏ ਹਨ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖੂਬ ਮਜ਼ਾਕ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਰੰਗ ਸਮਝ ਕੇ ਫਸਲ ਨੂੰ ਪਾਉਣ ਵਾਲੀ ਦਵਾਈ ਨਾਲ ਬੱਚਿਆਂ ਖੇਡੀ ਹੋਲੀ, ਹਾਲਾਤ ਗੰਭੀਰ

ਇਸ ਨਾਲ ਜੁੜਿਆ ਇਕ ਮੈਸੇਜ ਹੋਲੀ ਵਾਲੇ ਦਿਨ ਖੂਬ ਵਾਇਰਲ ਹੋਇਆ, ਜਿਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਰਾਹੁਲ ਗਾਂਧੀ ਇਸ ਲਈ ਖੁਸ਼ ਹਨ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ, ਜਦੋਂ ਕਿ ਕੈਪਟਨ ਇਸ ਗੱਲ ਨਾਲ ਫੁੱਲੇ ਨਹੀਂ ਸਮਾ ਰਹੇ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਵਜੋਤ ਸਿੱਧੂ ਨੂੰ ਕਾਂਗਰਸ ਨੇ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਐਲਾਨਿਆ ਅਤੇ ਉਹ ਵਿਧਾਨ ਸਭਾ ਚੋਣਾਂ ਹਾਰ ਗਏ ਹੈ, ਜਿਸ ਤੋਂ ਬਾਅਦ ਉਨ੍ਹਾਂ ਕੋਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਲੈ ਲਿਆ ਗਿਆ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਹੁਕਮ

ਉੱਧਰ ਸਿੱਧੂ ਇਸ ਗੱਲ ਤੋਂ ਖੁਸ਼ ਹਨ ਕਿ ਕੈਪਟਨ ਦੇ ਨਾਲ ਚਰਨਜੀਤ ਚੰਨੀ ਦੁਬਾਰਾ ਮੁੱਖ ਮੰਤਰੀ ਨਹੀਂ ਬਣ ਸਕੇ ਅਤੇ ਦੋਵੇਂ ਹੀ ਵਿਧਾਨ ਸਭਾ ਚੋਣਾਂ ਹਾਰ ਗਏ। ਹਾਲਾਂਕਿ ਚੰਨੀ ਦੁਬਾਰਾ ਮੁੱਖ ਮੰਤਰੀ ਨਾ ਬਣਨ ਅਤੇ ਦੋਵੇਂ ਹੀ ਸੀਟਾਂ ’ਤੇ ਮਿਲੀ ਹਾਰ ਨੂੰ ਲੈ ਕੇ ਉਦਾਸ ਹਨ ਪਰ ਉਨ੍ਹਾਂ ਨੂੰ ਇੰਨੀ ਖੁਸ਼ੀ ਹੈ ਕਿ ਉਹ ਮੁੱਖ ਮੰਤਰੀ ਦੇ ਰੂਪ ਵਿਚ ਇਤਿਹਾਸ ਵਿੱਚ ਨਾਮ ਦਰਜ ਕਰਵਾਉਣ ਵਿਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਦੇ ਕੱਟੜ ਵਿਰੋਧੀ ਸਿੱਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਹੀ ਹੈ ਦੂਜੀਆਂ ਪਾਰਟੀਆਂ ਦਾ ਹਾਲ

ਦੂਜੀਆਂ ਪਾਰਟੀਆਂ ਵਿਚ ਭਾਜਪਾ ਨੂੰ ਅਕਾਲੀ ਦਲ ਦੀ ਹਾਰ ਤੋਂ ਖੁਸ਼ ਦੱਸਿਆ ਜਾ ਰਿਹਾ ਹੈ ਅਤੇ ਕਿਸਾਨ ਸੰਗਠਨ ਭਾਜਪਾ ਗਠਜੋੜ ਨੂੰ ਮਿਲੀ ਕਰਾਰੀ ਹਾਰ ਤੋਂ ਸੰਤੁਸ਼ਟ ਹਨ। ਜਿੱਥੋਂ ਤਕ ਪੰਜਾਬ ਦੇ ਲੋਕਾਂ ਦਾ ਸਵਾਲ ਹੈ ਉਹ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਮੁਫਤ ਸਹੂਲਤਾਂ ਦੇਣ ਦੇ ਐਲਾਨ ਦੇ ਪੂਰਾ ਹੋਣ ਦੀ ਆਸ ਵਿਚ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Anuradha

This news is Content Editor Anuradha