4 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਡਾਇਟ ਕਰਮਚਾਰੀ

12/20/2017 5:54:22 AM

ਗੁਰਦਾਸਪੁਰ, (ਵਿਨੋਦ)- ਜ਼ਿਲਾ ਐਲੀਮੈਂਟਰੀ ਅਧਿਆਪਕ ਸਿਖਲਾਈ ਸੰਸਥਾ ਡਾਇਟ 'ਚ ਤਾਇਨਾਤ 31 ਕਰਮਚਾਰੀਆਂ 'ਚ ਬੀਤੇ 4 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਰੋਸ ਹੈ। ਅੱਜ ਕਰਮਚਾਰੀਆਂ ਨੇ ਦਫ਼ਤਰ ਦਾ ਕੰਮਕਾਜ ਠੱਪ ਕਰ ਕੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਤਨਖ਼ਾਹ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।ਇਸ ਮੌਕੇ ਰਜਵੰਤ ਸਿੰਘ, ਰਮਨ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਸ਼ਰਮਾ, ਇੰਦਰਜੀਤ ਸਿੰਘ, ਸੁਖਵੰਤ ਸਿਘ, ਰੋਜੀ, ਸੁਰਿੰਦਰ ਕੁਮਾਰ, ਗੁਰਬਚਨ ਸਿੰਘ, ਰਾਜਵਿੰਦਰ ਕੌਰ ਤੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਡਾਇਟ ਕਰਮਚਾਰੀਆਂ ਦੀ ਤਨਖ਼ਾਹ ਸਾਂਝੇ ਤੌਰ 'ਤੇ ਜਾਰੀ ਕਰਨੀ ਹੁੰਦੀ ਹੈ। ਕਰਮਚਾਰੀਆਂ ਦਾ ਕਹਿਣਾ ਹੈ ਕਿ 40 ਫੀਸਦੀ ਕੇਂਦਰ ਸਰਕਾਰ ਅਤੇ 60 ਫੀਸਦੀ ਪੰਜਾਬ ਸਰਕਾਰ ਵੱਲੋਂ ਰਾਸ਼ੀ ਦਿੱਤੀ ਜਾਂਦੀ ਹੈ ਪਰ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਜਾਰੀ ਨਹੀਂ ਕੀਤੀ ਗਈ।
ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਟੀ. ਏ., ਡੀ. ਏ. ਵੀ ਨਹੀਂ ਮਿਲ ਰਿਹਾ। ਡਾਇਟ ਦੇ ਕਰਮਚਾਰੀ ਦਫ਼ਤਰ ਦੇ ਕੰਮ ਲਈ ਕੋਲੋਂ ਪੈਸੇ ਖਰਚ ਕਰ ਕੇ ਚੰਡੀਗੜ੍ਹ ਤੇ ਹੋਰ ਸ਼ਹਿਰਾਂ 'ਚ ਜਾਂਦੇ ਹਨ ਪਰ ਪੈਸੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ।
ਡੀ. ਸੀ. ਨੂੰ ਦਿੱਤਾ ਮੰਗ ਪੱਤਰ
ਕਰਮਚਾਰੀਆਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਉਨ੍ਹਾਂ ਨੂੰ ਤਨਖ਼ਾਹ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਕੁਝ ਦਿਨਾਂ ਵਿਚ ਤਨਖ਼ਾਹ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।