ਸਾਧਾਰਨ ਬੁੱਧੀ ਵਾਲੀ ਕੁੜੀ ਨੂੰ ਗੁਆਂਢੀ ਨੇ ਬਣਾਇਆ ਗਰਭਵਤੀ

07/12/2019 11:25:20 AM

ਲੰਬੀ/ਮਲੋਟ (ਜੁਨੇਜਾ) - ਉੱਪ ਮੰਡਲ ਦੇ ਇਕ ਪਿੰਡ ਵਿਖੇ ਇਕ ਸਾਧਾਰਨ ਬੁੱਧੀ ਅਤੇ ਪੂਰੀ ਤਰ੍ਹਾਂ ਬੋਲਣ ਤੋਂ ਅਸਮਰੱਥ ਕੁੜੀ ਨੂੰ ਉਸਦੇ ਪਿਉ ਦੀ ਉਮਰ ਦੇ ਗੁਆਂਢੀ ਵਲੋਂ ਜਬਰ-ਜ਼ਨਾਹ ਕਰਕੇ ਗਰਭਵਤੀ ਬਣਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਉੱਚ ਅਧਿਕਾਰੀਆਂ ਕੋਲ ਇਨਸਾਫ ਲਈ ਭਟਕ ਰਹੇ ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਲੰਬੀ ਪੁਲਸ ਕਾਰਵਾਈ 'ਚ ਦੇਰੀ ਕਰ ਰਹੀ ਹੈ।ਮਲੋਟ ਦੇ ਐੱਸ. ਪੀ. ਇਕਬਾਲ ਸਿੰਘ ਨੂੰ ਮਿਲਣ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਸਾਫ ਬੋਲਣ 'ਚ ਅਸਮਰੱਥ ਹੈ। ਘਰ 'ਚ ਇਕੱਲੀ ਹੋਣ ਦਾ ਫਾਇਦਾ ਉਠਾ ਕੇ ਨੇੜਲੇ ਘਰ 'ਚ ਰਹਿੰਦੇ ਇਕ ਵਿਅਕਤੀ ਵਲੋਂ ਜਬਰ-ਜ਼ਨਾਹ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਉਹ ਗਰਭਵਤੀ ਹੋ ਗਈ। ਘਰ 'ਚ ਕੋਈ ਔਰਤ ਨਾ ਹੋਣ ਕਰਕੇ ਜਦੋਂ ਰਿਸ਼ਤੇਦਾਰ ਔਰਤਾਂ ਨੇ ਕੁੜੀ ਦੇ ਪੇਟ ਤੋਂ ਉਸਦੇ ਗਰਭਵਤੀ ਹੋਣ ਦਾ ਅੰਦਾਜ਼ਾ ਲਾਇਆ ਤਾਂ ਇਹ ਭੇਦ ਖੁੱਲ੍ਹਿਆ। ਕੁੜੀ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਲੰਬੇ ਸਮੇਂ ਤੋਂ ਉਸ ਦਾ ਮੂੰਹ ਹੱਥ ਬੰਨ ਕੇ ਅਤੇ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਹਸਪਤਾਲ 'ਚ ਕੁੜੀ ਨੂੰ ਦਾਖਲ ਕਰਵਾਇਆ ਤਾਂ ਉਸਦੇ ਕਰੀਬ 6 ਮਹੀਨਿਆਂ ਦੀ ਗਰਭਵਤੀ ਹੋਣ ਦੀ ਪੁਸ਼ਟੀ ਹੋ ਗਈ ਪਰ ਦੂਜੇ ਪਾਸੇ ਪੁਲਸ ਦੋਸ਼ੀ ਵਿਰੁੱਧ ਕਾਰਵਾਈ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਸ ਨੇ ਦੋਸ਼ੀ ਦੀ ਥਾਂ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।

ਲੜਕੀ ਨੇ ਭਰੀ ਪੰਚਾਇਤ 'ਚ ਕੀਤੀ ਦੋਸ਼ੀ ਦੀ ਸ਼ਨਾਖਤ
ਜਦੋਂ ਮਹਿਲਾ ਥਾਣੇਦਾਰ ਲੜਕੀ ਦੇ ਪਿੰਡ ਬਿਆਨ ਲੈਣ ਗਈ ਤਾਂ ਲੜਕੀ ਨੇ ਇਕੱਠ 'ਚ ਉਕਤ ਵਿਅਕਤੀ ਵੱਲ ਇਸ਼ਾਰਾ ਕਰ ਕੇ ਦੱਸ ਦਿੱਤਾ ਕਿ ਇਹ ਵਿਅਕਤੀ ਉਸ ਨਾਲ ਬਦਫੈਲੀ ਕਰਦਾ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਉਕਤ ਵਿਅਕਤੀ ਦੀ ਪਤਨੀ ਨੂੰ ਵੀ ਜਾ ਕੇ ਉਸ ਦੀ ਕਰਤੂਤ ਬਾਰੇ ਦੱਸਿਆ ਪਰ ਉਸ ਦੀ ਪਤਨੀ ਦਾ ਕਹਿਣਾ ਸੀ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਦਾ।

ਲੰਬੀ ਪੁਲਸ ਮੁੱਦਈ ਦੇ ਬਿਆਨਾਂ 'ਤੇ ਨਹੀਂ ਡੀ. ਐੱਨ. ਏ. ਰਿਪੋਰਟ ਪਿੱਛੋਂ ਕਰੇਗੀ ਕਾਰਵਾਈ
ਮਲੋਟ ਦੇ ਐੱਸ. ਪੀ. ਇਕਬਾਲ ਸਿੰਘ ਨੇ ਭਰੋਸਾ ਦਿੱਤਾ ਕਿ ਪੀੜਤਾ ਨਾਲ ਇਨਸਾਫ ਹੋਵੇਗਾ ਪਰ ਲੰਬੀ ਦਾ ਐੱਸ. ਐੱਚ. ਓ. ਗੱਲ ਨਹੀਂ ਸੁਣ ਰਿਹਾ। ਪੁਲਸ ਕਪਤਾਨ ਦੇ ਕਹਿਣ ਪਿੱਛੋਂ ਐੱਸ. ਐੱਚ. ਓ. ਨੂੰ ਮਿਲਣਗੇ ਪਰਿਵਾਰ ਨੂੰ ਐੱਸ. ਐੱਚ. ਓ. ਵਲੋਂ ਇਹ ਕਹਿ ਕੇ ਮੋੜ ਦਿੱਤਾ ਕਿ ਉਹ 5-7 ਬੰਦਿਆਂ ਦਾ ਡੀ. ਐੱਨ. ਏ. ਕਰਵਾਉਣਗੇ ਜੇਕਰ ਉਸ 'ਚੋਂ ਕੋਈ ਮੈਚ ਨਾ ਕੀਤਾ ਤਾਂ 5-7 ਹੋਰ ਬੰਦਿਆਂ ਦਾ ਡੀ. ਐੱਨ. ਏ. ਕਰਵਾਉਣਗੇ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਨੇ ਐੱਸ. ਐੱਚ. ਓ. ਸਾਹਮਣੇ ਵੀ ਦੋਸ਼ੀ ਦਾ ਨਾਂ ਲੈ ਕੇ ਆਪਣਾ ਗੁੱਸਾ ਕੱਢਿਆ ਪਰ ਐੱਸ. ਐੱਚ. ਓ. ਵਲੋਂ ਪਰਿਵਾਰ ਨੂੰ ਲੜ ਨਹੀਂ ਫੜਾਇਆ ਜਾ ਰਿਹਾ। ਇਸ ਸਬੰਧੀ ਲੰਬੀ ਦੇ ਐੱਸ. ਐੱਚ. ਓ. ਬਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ੱਕੀ ਬੰਦਿਆਂ ਦਾ ਡੀ. ਐੱਨ. ਏ. ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਕਿਸੇ ਬੇਕਸੂਰ ਵਿਅਕਤੀ ਨਾਲ ਧੱਕਾ ਨਾ ਹੋ ਸਕੇ।

rajwinder kaur

This news is Content Editor rajwinder kaur