ਢੀਂਡਸਾ ਪਿਉ-ਪੁੱਤ ਦੇ ਜਾਣ ਨਾਲ ਅਕਾਲੀ ਦਲ ਨੂੰ ਰਤੀ ਭਰ ਵੀ ਫਰਕ ਨਹੀਂ ਪੈਂਦਾ : ਮਲੂਕਾ

01/25/2020 11:59:10 AM

ਦਿੜ੍ਹਬਾ ਮੰਡੀ (ਅਜੈ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ 2 ਫਰਵਰੀ ਨੂੰ ਸੰਗਰੂਰ ਵਿਖੇ ਰੱਖੀ ਜ਼ਿਲਾ ਪੱਧਰੀ ਰੋਸ ਰੈਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕਾ ਦਿੜ੍ਹਬਾ ਦੀ ਵਿਸ਼ੇਸ਼ ਮੀਟਿੰਗ ਗੀਤਾ ਭਵਨ ਧਰਮਸ਼ਾਲਾ ਵਿਚ ਹੋਈ, ਜਿਸ 'ਚ ਹਲਕਾ ਦਿੜ੍ਹਬਾ ਦੇ ਵੱਡੀ ਗਿਣਤੀ 'ਚ ਅਕਾਲੀ ਵਰਕਰ ਸ਼ਾਮਲ ਹੋਏ। ਮੀਟਿੰਗ 'ਚ ਬੁਲਾਰਿਆਂ ਨੇ ਪੰਜਾਬ ਸਰਕਾਰ ਸਮੇਤ ਢੀਂਡਸਾ ਪਰਿਵਾਰ ਨੂੰ ਵੀ ਰੱਜ ਕੇ ਕੋਸਿਆ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਜ਼ਿਲਾ ਸੰਗਰੂਰ ਦੇ ਆਬਜ਼ਰਵਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਾਰਟੀ ਸਮੁੰਦਰ ਹੁੰਦੀ ਹੈ ਜਿਵੇਂ ਸਮੁੰਦਰ 'ਚੋਂ ਬਾਲਟੀ ਪਾਣੀ ਕੱਢਣ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਉਸੇ ਤਰ੍ਹਾਂ ਦੋ ਵਿਅਕਤੀਆਂ ਦੇ ਚਲੇ ਜਾਣ ਨਾਲ ਪਾਰਟੀ ਨੂੰ ਰਤੀ ਭਰ ਵੀ ਫਰਕ ਨਹੀਂ ਪੈਂਦਾ। ਸਗੋਂ ਅਜਿਹੇ ਲੋਕ ਪਾਰਟੀ ਤੋਂ ਵੱਖ ਹੋ ਕੇ ਸਦਾ ਲਈ ਆਪਣਾ ਰਾਜਨੀਤਕ ਕਰੀਅਰ ਖਤਮ ਕਰ ਲੈਂਦੇ ਹਨ ਅਤੇ ਪਾਰਟੀ ਅੰਦਰ ਅਹੁਦਿਆਂ ਦਾ ਅਨੰਦ ਮਾਨਣ ਵਾਲੇ ਪਾਰਟੀ ਦੀ ਪਿੱਠ 'ਚ ਛੁਰਾ ਮਾਰ ਰਹੇ ਹਨ ਪਰ ਲੋਕ ਢੀਂਡਸਾ ਪਰਿਵਾਰ ਦੀ ਮਾੜੀ ਰਾਜਨੀਤੀ ਤੋਂ ਜਾਣੂ ਹੋ ਚੁੱਕੇ ਹਨ, ਇਸ ਲਈ ਪੰਜਾਬ ਦੇ ਸੂਝਵਾਨ ਲੋਕ ਆਪਣੀ ਪਾਰਟੀ ਦਾ ਸਾਥ ਕਦੇ ਨਹੀਂ ਛੱਡਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜ਼ਿਲਾ ਸੰਗਰੂਰ ਅਤੇ ਬਰਨਾਲਾ ਦੇ ਵਰਕਰ ਢੀਂਡਸਾ ਪਰਿਵਾਰ ਦੇ ਪਾਰਟੀ 'ਚੋਂ ਚਲੇ ਜਾਣ 'ਤੇ ਖੁਸ਼ ਹਨ ਅਤੇ ਕੈਪਟਨ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ, ਇਸ ਕਰ ਕੇ 2 ਫਰਵਰੀ ਦੀ ਰੈਲੀ ਜਿਥੇ ਪੰਜਾਬ ਸਰਕਾਰ ਨੂੰ ਚੱਲਦਾ ਕਰਨ ਦਾ ਸੁਨੇਹਾ ਦੇਵੇਗੀ, ਉਥੇ ਹੀ 2022 ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੁੱਢ ਬੰਨ੍ਹੇਗੀ। ਇਸ ਕਰ ਕੇ 2 ਫਰਵਰੀ ਨੂੰ 100 ਬੱਸਾਂ ਤੋਂ ਇਲਾਵਾ ਹਲਕਾ ਦਿੜ੍ਹਬਾ ਤੋਂ ਹਜ਼ਾਰਾਂ ਦੀ ਗਿਣਤੀ 'ਚ ਵਾਹਨ ਪੁੱਜਣੇ ਚਾਹੀਦੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਤੁਹਾਡਾ ਇਕੱਠ ਦੱਸਦਾ ਹੈ ਕਿ ਤੁਸੀਂ ਕਿੰਨੇ ਖੁਸ਼ ਹੋ। ਮੈਨੂੰ ਪੂਰੀ ਆਸ ਹੈ ਕਿ 2 ਦੀ ਰੈਲੀ ਹਲਕਾ ਦਿੜ੍ਹਬਾ ਦਾ ਇਕੱਠ ਸਭ ਤੋਂ ਵੱਧ ਹੋਵੇਗਾ ਜੋ ਕੈਪਟਨ ਸਰਕਾਰ ਦੇ ਨਾਲ-ਨਾਲ ਢੀਂਡਸਾ ਪਰਿਵਾਰ ਦੀਆਂ ਵੀ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ। ਇਸ ਮੀਟਿੰਗ ਨੂੰ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ, ਰਘਵੀਰ ਸਿੰਘ ਜੱਖੇਪਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂਆਂ ਨੇ ਸੰਬੋਧਨ ਕੀਤਾ। ਇਸ ਮੌਕੇ ਸਰਪੰਚ ਅਵਤਾਰ ਸਿੰਘ ਬਘਰੋਲ, ਹਰਜਿੰਦਰ ਸਿੰਘ ਢੰਡੋਲੀ, ਬਿੱਕਰ ਸਿੰਘ ਸੂਲਰ, ਭੁਪਿੰਦਰ ਘੁਮਾਣ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਕਾਲੀ ਵਰਕਰ ਸ਼ਾਮਲ ਸਨ।

cherry

This news is Content Editor cherry