ਦਿਲਪ੍ਰੀਤ ਬਾਬਾ ਮਾਮਲੇ ''ਚ ਨਵਾਂ ਮੋੜ, ਮੀਡੀਆ ਸਾਹਮਣੇ ਆਏ ਪਰਿਵਾਰ ਵਲੋਂ ਵੱਡੇ ਖੁਲਾਸੇ (ਵੀਡੀਓ)

07/17/2018 8:47:24 AM

ਨੰਗਲ : ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਤੋਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਦਿਲਪ੍ਰੀਤ ਬਾਬਾ ਕੇਸ 'ਚ ਇਕ ਜ਼ਬਰਦਸਤ ਮੋੜ ਸਾਹਮਣੇ ਆਇਆ ਹੈ। ਨੰਗਲ ਅਧੀਨ ਪੈਂਦੇ ਪਿੰਡ ਬ੍ਰਹਮਣ ਮਾਜਰਾ ਦੇ ਰਹਿਣ ਵਾਲੇ ਪਰਿਵਾਰ ਨੇ ਦਿਲਪ੍ਰੀਤ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਦੇ ਨਾਲ ਹੀ ਵੱਡਾ ਖੁਲਾਸਾ ਕੀਤਾ ਹੈ। ਇਸ ਪਰਿਵਾਰ ਦਾ ਦੋਸ਼ ਹੈ ਕਿ ਦਿਲਪ੍ਰੀਤ ਨੇ 7 ਅਪ੍ਰੈਲ, 2017 ਨੂੰ ਪੂਰੇ ਪਰਿਵਾਰ ਦੀ ਮੌਜੂਦਗੀ 'ਚ ਪਰਿਵਾਰ ਦੇ ਮੁਖੀ ਦੇਸਰਾਜ ਉਰਫ ਮੱਲ ਨੂੰ ਘਰ 'ਚ ਵੜ ਕੇ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਮ੍ਰਿਤਕ ਦੇਸਰਾਜ ਦੇ ਬੇਟੇ ਕਿਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੇਸਰਾਜ ਨਾਲ ਦਿਲਪ੍ਰੀਤ ਦਾ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਹ ਜੇਲ 'ਚੋਂ ਵੀ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਦਿੰਦਾ ਹੁੰਦਾ ਸੀ ਅਤੇ ਇਕ ਦਿਨ ਉਸ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਕਿਰਨਜੀਤ ਨੇ ਹੋਰ ਨਵਾਂ ਖੁਲਾਸਾ ਕਰਦਿਆਂ ਕਿਹਾ ਕਿ ਉਸ ਦੇ ਪਿਤਾ ਦੇ ਕਤਲ ਦੇ 48 ਘੰਟਿਆਂ ਬਾਅਦ ਹੀ ਦਿਲਪ੍ਰੀਤ ਨੇ ਸੈਕਟਰ-38 'ਚ ਪਿੰਡ ਖੁਰਦ ਦੇ ਸਰਪੰਚ ਸਤਨਾਮ ਸਿੰਘ ਦਾ ਸਾਥੀਆਂ ਸਮੇਤ ਕਤਲ ਕਰ ਦਿੱਤਾ।
ਕਿਰਨਜੀਤ ਨੇ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਚਿੰਨ੍ਹ ਲਾਉਂਦੇ ਹੋਏ ਕਿਹਾ ਕਿ ਜੇਕਰ ਪਹਿਲਾਂ ਹੀ ਪੁਲਸ ਦਿਲਪ੍ਰੀਤ ਨੂੰ ਗ੍ਰਿਫਤਾਰ ਕਰ ਲੈਂਦੀ ਤਾਂ ਇੰਨੇ ਨਿਰਦੋਸ਼ ਲੋਕਾਂ ਦਾ ਕਤਲ ਨਾ ਹੁੰਦਾ। ਉਸ ਨੇ ਕਿਹਾ ਕਿ ਭਾਵੇਂ ਦੇਰ ਨਾਲ ਹੀ ਪੁਲਸ ਨੇ ਦਿਲਪ੍ਰੀਤ ਨੂੰ ਗ੍ਰਿਫਤਾਰ ਕੀਤਾ ਹੈ ਪਰ ਹੁਣ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।