ਮੁਸ਼ਕਲਾਂ ਦੇ ਪਹਾੜ ਹੇਠਾਂ ਦੱਬੇ ਹੋਏ ਹਨ ਆੜ੍ਹਤੀ ਅਤੇ ਕਿਸਾਨ ਵਰਗ

04/25/2021 7:21:40 PM

ਤਰਨਤਾਰਨ (ਗਲਹੋਤਰਾ) : ਪੰਜਾਬ ਦੀਆਂ ਮੰਡੀਆਂ ’ਚ ਸ਼ੁਮਾਰ ਮੰਡੀ ਤਰਨਤਾਰਨ, ਜਿੱਥੇ ਇਸ ਸਮੇਂ ਕਣਕ ਦੀ ਫ਼ਸਲ ਅਤੇ ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਨਜ਼ਰ ਆ ਰਹੀ ਹੈ, ਉੱਥੇ ਹੀ ਇਹ ਮੰਡੀ ਅਤੇ ਇਸ ਵਿਚਲਾ ਆਡ਼੍ਹਤੀ ਵਰਗ, ਕਿਸਾਨ ਵਰਗ ਅਤੇ ਮਜ਼ਦੂਰ ਵਰਗ  ਭਾਰੀ ਮੁਸ਼ਕਿਲਾਂ ਦੇ ਪਹਾੜ ਹੇਠ ਵੀ ਦੱਬਿਆ ਹੋਇਆ ਮਜਬੂਰ ਅਤੇ ਬੇਵੱਸ ਨਜ਼ਰ ਆ ਰਿਹਾ ਹੈ । ‘ਜਗ ਬਾਣੀ’ ਵੱਲੋਂ ਅੱਜ ਮੰਡੀ ਤਰਨਤਾਰਨ ਦਾ ਦੌਰਾ ਕਰਕੇ ਦੇਖਿਆ ਗਿਆ। ਆੜ੍ਹਤੀਆਂ ਕੋਲੋਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਤਾਂ ਬੇਵੱਸ ਅਤੇ ਲਾਚਾਰ ਹੋਏ ਫੈੱਡਰੇਸ਼ਨ ਆਫ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ ਅਤੇ ਹੋਰਨਾਂ ਆੜ੍ਹਤੀਆਂ ਨੇ ਦੱਸਿਆ ਕਿ ਇਸ ਵੇਲੇ ਤੱਕ ਮੰਡੀ ’ਚ ਦੱਸ ਲੱਖ ਦੇ ਕਰੀਬ ਬੋਰੀਆਂ ਕਣਕ ਦੀਆਂ ਹੋ ਚੁੱਕੀਆ ਹਨ। ਜਿਸ ’ਚੋਂ ਕੁਝ ਤਾਂ ਤੁੱਲ ਕੇ ਬੋਰੀਆਂ ’ਚ ਭਰ ਚੁੱਕੀ ਹੈ ਅਤੇ ਜੋ ਹੁਣ ਮੰਡੀ ਵਿੱਚ ਪਈ ਹੋਈ ਹੈ, ਉਹ ਮੀਂਹ ਕਾਰਨ ਪ੍ਰਭਾਵਿਤ ਹੋ ਚੁੱਕੀ ਹੈ ਅਤੇ ਨਾਲ ਹੀ ਸਬੰਧਤ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦਣ ਤੋਂ ਨੱਕ ਮੂੰਹ ਵੱਟਿਆ ਜਾ ਰਿਹਾ ਹੈ । ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਕਣਕ ਗਿੱਲੀ ਜ਼ਿਆਦਾ ਹੋ ਚੁੱਕੀ ਹੈ । ਇਨ੍ਹਾਂ ਆੜ੍ਹਤੀਆਂ ਨੇ ਕਿਹਾ ਕਿ ਸਾਡੇ ਵੱਲੋਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਾਲੇ ਗਿੱਲੀ ਕਣਕ ਵੱਢ ਕੇ ਮੰਡੀ ’ਚ ਨਾ ਲਿਆਉਣ ਕਿਉਂਕਿ ਖ਼ਰੀਦ ਏਜੰਸੀਆਂ ਵੱਲੋਂ ਕਣਕ ਨਾ ਖਰੀਦੇ ਜਾਣ ਕਾਰਨ ਅਤੇ ਬਾਰਦਾਨੇ ਦੀ ਭਾਰੀ ਕਿੱਲਤ ਹੋਣ ਕਾਰਨ ਕਣਕ ਹਾਲੇ ਤੁੱਲ ਨਹੀਂ ਰਹੀ। ਇਨ੍ਹਾਂ ਆੜ੍ਹਤੀ ਆਗੂਆਂ ਨੇ ਦੱਸਿਆ ਕਿ ਇਸ ਵੇਲੇ ਮੰਡੀ ’ਚ ਪੰਜ ਖਰੀਦ ਏਜੰਸੀਆਂ ਜਿਨ੍ਹਾਂ ਵਿਚ ਐੱਫ਼. ਸੀ. ਆਈ.,  ਪਨਸਪ, ਪਨਗਰੇਨ, ਵੇਅਰਹਾਊਸ ਅਤੇ ਮਾਰਕਫੈਡ ਵੱਲੋਂ ਖਰੀਦ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ :  ਕਣਕ ਖ਼ਰੀਦ ਨੂੰ ਲੈ ਕੇ 16 ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ

 

ਜਦ ਕਿ ਸਿਰਫ਼ ਐੱਫ. ਸੀ. ਆਈ. ਮਹਿਕਮੇ ਨੂੰ  ਛੱਡ ਕੇ ਹੋਰ ਕਿਸੇ ਵੀ ਏਜੰਸੀ ਵੱਲੋਂ ਨਾ ਤਾਂ ਬਾਰਦਾਨਾ ਦਿੱਤਾ ਜਾ ਰਿਹਾ ਅਤੇ ਨਾ ਹੀ ਕੋਈ ਲਿਫ਼ਟਿੰਗ ਕੀਤੀ ਜਾ ਰਹੀ ਹੈ । ਜਿਸ ਕਰਕੇ ਮੰਡੀ ਵਿੱਚ ਭਰੀਆਂ ਹੋਈਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ ਅਤੇ ਕਿਸਾਨਾਂ ਵੱਲੋਂ  ਆਪਣੀਆਂ ਕਣਕਾਂ ਗਿੱਲੀਆਂ ਹੀ ਵੱਢ ਕੇ ਮੰਡੀ ਵਿੱਚ ਲਿਆ ਕੇ ਸੁੱਟ ਦੇਣ ਨਾਲ ਜਗ੍ਹਾ ਦੀ ਵੀ ਭਾਰੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈਂ । ਇਸ ਦੇ ਨਾਲ ਹੀ ਗਿੱਲੀ ਕਣਕ ਨੂੰ ਮੰਡੀ ਵਿੱਚ ਖਲਾਰ ਕੇ ਮਜ਼ਦੂਰਾਂ ਵੱਲੋਂ ਸੁਕਾਇਆ ਜਾ ਰਿਹਾ ਹੈ ਜਿਸ ਕਾਰਨ ਮਜ਼ਦੂਰ ਵਰਗ ਵੀ ਭਾਰੀ ਪ੍ਰੇਸ਼ਾਨ ਹੋਇਆ ਪਿਆ ਹੈ । ਮਜ਼ਦੂਰਾਂ ਦਾ ਵੀ ਕਹਿਣਾ ਹੈ ਕਿ ਜੇਕਰ ਕਣਕ ਸੁੱਕੀ ਹੋਈ ਕਣਕ ਮੰਡੀ ਵਿੱਚ ਲਿਆਂਦੀ ਜਾਵੇ ਤਾਂ ਉਹ ਜਲਦੀ ਤੁੱਲ ਜਾਂਦੀ ਹੈ ਅਤੇ ਜਿਸ ਕਾਰਨ ਸਾਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਨ੍ਹਾਂ ਆਡ਼੍ਹਤੀ ਨੁਮਾਇੰਦਿਆਂ ਨੇ ਦੱਸਿਆ  ਕਿ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦੀ ਗਈ ਕਣਕ ਦਾ ਭੁਗਤਾਨ ਵੀ ਹਾਲੇ ਤਕ ਠੀਕ ਤਰ੍ਹਾਂ ਨਾ ਕੀਤੇ ਜਾਣ ਕਰਕੇ ਕਿਸਾਨ ਸਾਨੂੰ ਆ ਕੇ  ਪੇਮੇਂਟ ਬਾਰੇ ਪੁੱਛ ਰਹੇ ਹਨ ਕਿਉਂਕਿ ਖ਼ਰੀਦ ਏਜੰਸੀਆਂ ਵੱਲੋਂ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਹੀ ਪੇਮੇਂਟ ਪਾਈ ਜਾਣੀ ਹੈ ਜਿਸ ਕਰਕੇ ਵੀ ਭਾਰੀ ਮੁਸ਼ਕਲਾਂ ਆ ਰਹੀਆਂ ਹਨ।  ਆੜ੍ਹਤੀ ਵਰਗ ਨੇ ਕਿਹਾ ਕਿ ਸਾਨੂੰ ਤਾਂ ਇੰਝ ਲੱਗਦਾ ਹੈ ਜਿਵੇਂ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ  ਪੂਰੀ ਤਰ੍ਹਾਂ ਨਾਲ  ਮਾਰਨ ’ਤੇ ਤੁਲੀਆਂ ਹੋਈਆਂ ਹਨ । ਇਨ੍ਹਾਂ ਆਡ਼੍ਹਤੀ ਨੁਮਾਇੰਦਿਆਂ ਨੇ ਕਿਹਾ ਕਿ ਸਾਡੀ ਸਰਕਾਰ, ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਉਹ ਇੱਧਰ ਤੁਰੰਤ ਧਿਆਨ ਦੇਣ ਤਾਂ ਜੋ ਆੜ੍ਹਤੀਆ ਵਰਗ ਕਿਸਾਨ ਵਰਗ ਅਤੇ ਮਜ਼ਦੂਰ ਵਰਗ ਮੁਸ਼ਕਲਾਂ ਦੇ ਪਹਾੜ ਹੇਠੋਂ ਨਿਕਲ ਕੇ ਸੁੱਖ ਦੀ ਰੋਟੀ ਖਾ ਸਕਣ । ਇਸ ਮੌਕੇ ਰੇਸ਼ਮ ਸਿੰਘ ਢਿੱਲੋਂ ਪ੍ਰਧਾਨ, ਦਿਲਬਾਗ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਆੜ੍ਹਤੀ ਨੁਮਾਇੰਦੇ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਦੇ ਫੈੈਸਲੇ ’ਤੇ ਆਪ੍ਰੇਟਰ ਭੜਕੇ, ਮੁੱਖ ਮੰਤਰੀ ਨੂੰ ਬੱਸਾਂ ਦੀਆ ਚਾਬੀਆ ਸੌਂਪਣ ਦਾ ਕੀਤਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Anuradha

This news is Content Editor Anuradha