ਕਿਸਾਨ ਕਰਜ਼ਾ ਮੁਆਫੀ ''ਤੇ ਕਾਂਗਰਸੀਆਂ ਤੇ ਅਕਾਲੀਆਂ ਦੇ ਸੁਰ ਵੱਖ-ਵੱਖ

01/16/2018 12:04:02 AM

ਜਲੰਧਰ (ਰਵਿੰਦਰ ਸ਼ਰਮਾ)— ਇਕ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਕਿਸਾਨ ਕਰਜ਼ਾ ਮੁਆਫੀ ਨੂੰ ਸਰਕਾਰ ਦਾ ਇਕ ਚੰਗਾ ਫੈਸਲਾ ਸਾਬਤ ਕਰਨ ਲਈ ਵੱਡੇ ਪੈਮਾਨੇ 'ਤੇ ਜੁਟੀ ਹੋਈ ਹੈ। ਕਾਂਗਰਸ ਸਰਕਾਰ ਇਹ ਵੀ ਦਿਖਾਉਣਾ ਚਾਹੁੰਦੀ ਹੈ ਕਿ ਰਾਜ 'ਚ ਉਹ ਵੀ ਕਿਸਾਨਾਂ ਦੀ ਹਮਦਰਦ ਪਾਰਟੀ ਹੈ ਅਤੇ ਕਾਂਗਰਸ 2019 ਦਾ ਟਾਰਗੈੱਟ ਸਾਫ ਰੱਖਣਾ ਚਾਹੁੰਦੀ ਹੈ ਪਰ ਜਿਸ ਤਰ੍ਹਾਂ ਕਿਸਾਨਾਂ ਦੇ ਇਕ ਲੱਖ ਰੁਪਏ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਬਾਅਦ 'ਚ ਇਸ ਨੂੰ ਘੱਟ ਕਰ ਦਿੱਤਾ ਅਤੇ ਸਾਰੇ ਕਿਸਾਨਾਂ ਨੂੰ ਇਸ ਦਾਇਰੇ 'ਚ ਨਹੀਂ ਲਿਆਂਦਾ ਗਿਆ, ਉਸ ਨਾਲ ਵਿਰੋਧੀ ਧਿਰ ਦੇ ਹੱਥ ਇਕ ਵੱਡਾ ਮੁੱਦਾ ਲੱਗ ਗਿਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ, ਕਿਸਾਨਾਂ ਨਾਲ ਭੱਦਾ ਮਜ਼ਾਕ ਕਰ ਰਹੀ ਹੈ। ਆਓ ਜਾਣੋ ਕਿਸਾਨ ਕਰਜ਼ਾ ਮੁਆਫੀ 'ਤੇ ਕਾਂਗਰਸੀ ਤੇ ਅਕਾਲੀ ਨੇਤਾਵਾਂ ਦੀ ਕੀ-ਕੀ ਰਾਏ ਹੈ।

ਕੈਪਟਨ ਨੇ ਵਾਅਦਾ ਨਿਭਾਇਆ, ਕਿਸਾਨਾਂ ਦਾ ਹੱਥ ਫੜਿਆ : ਸੁਸ਼ੀਲ ਰਿੰਕੂ

ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਸੂਬੇ ਦੀ ਕਿਸਾਨੀ ਬਾਰੇ ਸੋਚ ਸਕਦੇ ਹਨ। ਉਹ ਕਹਿੰਦੇ ਹਨ ਕਿ 10 ਸਾਲ ਤਕ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਬਾਰੇ ਕੁੱਝ ਨਹੀਂ ਸੋਚਿਆ ਅਤੇ ਉਨ੍ਹਾਂ ਨੇ ਕਿਸੇ ਦੇ ਦੁੱਖ-ਦਰਦ ਨੂੰ ਨਹੀਂ ਸਮਝਿਆ। ਹੁਣ ਕੈਪਟਨ ਨੇ ਕਾਂਗਰਸ ਸਰਕਾਰ ਬਣਦੇ ਹੀ ਆਪਣਾ ਵਾਅਦਾ ਨਿਭਾਇਆ ਅਤੇ ਕਿਸਾਨਾਂ ਦਾ ਹੱਥ ਫੜਿਆ।

ਜਦੋਂ-ਜਦੋਂ ਕੈਪਟਨ ਸਰਕਾਰ ਆਈ, ਉਦੋਂ ਜਨਤਾ ਦੀ ਸੁਣੀ ਗਈ : ਸੁਰਿੰਦਰ ਚੌਧਰੀ

ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਦਾ ਕਹਿਣਾ ਹੈ ਕਿ ਜਦੋਂ-ਜਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਆਈ ਉਦੋਂ-ਉਦੋਂ ਜਨਤਾ ਦੀ ਸੁਣੀ ਗਈ। ਉਹ ਕਹਿੰਦੇ ਹਨ ਕਿ ਅਕਾਲੀ ਦਲ ਨੇ ਕਦੇ ਵੀ ਕਿਸਾਨਾਂ ਲਈ ਕੁੱਝ ਨਹੀਂ ਸੋਚਿਆ ਅਤੇ ਹੁਣ ਕੈਪਟਨ ਸਰਕਾਰ ਦੇ ਚੰਗੇ ਫੈਸਲੇ ਦਾ ਵਿਰੋਧ ਕਰਕੇ ਹੁਣ ਆਪਣੀ ਹੀ ਹੇਠੀ ਕਰਵਾ ਰਹੇ ਹਨ।

ਚੋਣਾਂ ਤੋਂ ਪਹਿਲਾਂ ਕਿਸਾਨ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਨਿਭਾਇਆ : ਕਮਲਜੀਤ ਲਾਲੀ

ਸਾਬਕਾ ਵਿਧਾਇਕ ਕਮਲਜੀਤ ਲਾਲੀ ਦਾ ਕਹਿਣਾ ਹੈ ਕਿ ਕਿਸਾਨਾਂ ਤੇ ਵਪਾਰੀਆਂ ਬਾਰੇ ਸਿਰਫ ਕਾਂਗਰਸ ਸਰਕਾਰ ਹੀ ਸੋਚ ਸਕਦੀ ਹੈ। ਚੋਣਾਂ ਤੋਂ ਪਹਿਲਾਂ ਜੋ ਵਾਅਦਾ ਕਿਸਾਨਾਂ ਨਾਲ ਕੀਤਾ ਸੀ, ਉਸ ਨੂੰ ਕੈਪਟਨ ਨੇ ਪੂਰਾ ਕਰਕੇ ਦਿਖਾਇਆ ਅਤੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ।

ਕੈਪਟਨ ਸਰਕਾਰ ਦਾ ਇਤਿਹਾਸਕ ਫੈਸਲਾ : ਗੌਤਮਬੀਰ ਸਿੰਘ

ਕਾਂਗਰਸੀ ਨੇਤਾ ਗੌਤਮਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਕੈਪਟਨ ਸਰਕਾਰ ਦਾ ਇਕ ਇਤਿਹਾਸਕ ਫੈਸਲਾ ਹੈ। ਕਿਸਾਨ ਕਰਜ਼ਾ ਮੁਆਫੀ ਲਈ ਪਹਿਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਦੱਸ ਦਿੱਤਾ ਹੈ ਕਿ ਉਹ ਵੀ ਕਿਸਾਨਾਂ ਦੇ ਮਸੀਹਾ ਹਨ। ਉਹ ਕਹਿੰਦੇ ਹਨ ਕਿ ਪੰਜਾਬ ਅਜਿਹਾ ਪਹਿਲਾ ਰਾਜ ਹੈ, ਜਿਸ ਨੇ ਸਭ ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ।

ਕਿਸਾਨ ਕਰਜ਼ਾ ਮੁਆਫੀ ਕਿਸਾਨਾਂ ਨਾਲ ਭੱਦਾ ਮਜ਼ਾਕ : ਪਵਨ ਟੀਨੂ

ਅਕਾਲੀ ਵਿਧਾਇਕ ਪਵਨ ਟੀਨੂੰ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਜਨਤਾ ਨਾਲ ਝੂਠੇ ਵਾਅਦੇ ਕੀਤੇ। ਕਿਸਾਨਾਂ ਨੂੰ ਜੋ ਸਬਜ਼ਬਾਗ ਦਿਖਾਏ ਗਏ ਸਨ, ਉਸ 'ਤੇ ਕੈਪਟਨ ਖਰੇ ਨਹੀਂ ਉਤਰੇ। ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਹੋਣਾ ਚਾਹੀਦਾ ਸੀ ਉਨ੍ਹਾਂ ਦਾ ਨਾਂ ਤਕ ਲਿਸਟ 'ਚ ਨਹੀਂ ਹੈ ਅਤੇ ਇਹ ਕਿਸਾਨਾਂ ਨਾਲ ਕੈਪਟਨ ਸਰਕਾਰ ਦਾ ਇਕ ਭੱਦਾ ਮਜ਼ਾਕ ਹੈ।

ਝੂਠ ਦੇ ਪਲੰਦੇ 'ਤੇ ਟਿਕੀ ਹੈ ਕੈਪਟਨ ਸਰਕਾਰ : ਗੁਰਪ੍ਰਤਾਪ ਵਡਾਲਾ

ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਝੂਠ ਦੇ ਪਲੰਦੇ 'ਤੇ ਟਿਕੀ ਹੋਈ ਹੈ। ਚੋਣਾਂ ਤੋਂ ਪਹਿਲਾਂ ਕੀਤੇ ਗਏ ਇਕ ਵੀ ਵਾਅਦੇ ਨੂੰ ਨਿਭਾਇਆ ਨਹੀਂ ਗਿਆ ਹੈ। ਕਿਸਾਨ ਕਰਜ਼ਾ ਮੁਆਫੀ ਸਿਰਫ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ ਤੇ ਕਿਸਾਨ ਅੱਜ ਵੀ ਆਤਮਹੱਤਿਆ ਕਰ ਰਿਹਾ ਹੈ।