ਕੀ ਗਲਤ ਸਾਬਤ ਹੋਇਆ ਫੂਲਕਾ ਵੱਲੋਂ ਬੇਅਦਬੀ ਮਾਮਲੇ ’ਤੇ ਦਿੱਤਾ ਗਿਆ ਅਸਤੀਫਾ ?

10/24/2019 8:08:46 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਵਿਧਾਨ ਸਭਾ ਹਲਕਿਆਂ ਤੋਂ ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਕਈ ਪ੍ਰਕਾਰ ਦੀ ਚਰਚਾ ਗਰਮਾਅ ਗਈ ਹੈ। ਇਹ ਚਰਚਾ ਜਿੱਥੇ ਸੂਬੇ ’ਤੇ ਪਏ ਜ਼ਿਮਨੀ ਚੋਣਾਂ ਦੇ ਵਾਧੂ ਬੋਝ ਦੀ ਹੈ, ਉੱਥੇ ਹੀ ਜ਼ਿਮਨੀ ਚੋਣ ਨੂੰ ਪੈਦਾ ਕਰਨ ਵਾਲੇ ਕਾਰਨਾਂ ਦੀ ਵੀ ਹੈ। ਗੱਲ ਹਲਕਾ ਦਾਖਾ ਦੀ ਹੀ ਕਰੀਏ ਤਾਂ ਇਹ ਚਰਚਾ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿੱਤੇ ਗਏ ਅਸਤੀਫੇ ਦੇ ਮਾਇਨਿਆਂ ਨੂੰ ਵੀ ਤਲਾਸ਼ ਰਹੀ ਹੈ। ਹਰਵਿੰਦਰ ਸਿੰਘ ਫੂਲਕਾ ਨੇ ਇਹ ਅਸਤੀਫਾ ਸਿਰਫ ’ਤੇ ਸਿਰਫ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਦਿੱਤਾ ਸੀ। ਜੇਕਰ ਫੂਲਕਾ ਵੱਲੋਂ ਦਿੱਤੇ ਗਏ ਅਸਤੀਫੇ ਦੇ ਪ੍ਰਭਾਵ ’ਤੇ ਝਾਤੀ ਮਾਰੀਏ ਤਾਂ ਇਸ ਨਾਲ ਕੈਪਟਨ ਸਰਕਾਰ ’ਤੇ ਕਿਸੇ ਕਿਸਮ ਦਾ ਵੀ ਕੋਈ ਦਬਾਅ ਨਹੀਂ ਬਣ ਸਕਿਆ ਬਲਕਿ ਬੇਅਦਬੀ ਮਾਮਲਾ ਅੱਜ ਵੀ ਜਿਉਂ ਦਾ ਤਿਉਂ ਲਟਕ ਰਿਹਾ ਹੈ। ਇਸ ਦੇ ਉਲਟ ਬੇਅਦਬੀ ਮਾਮਲੇ ’ਤੇ ਅਸਤੀਫਾ ਦੇਣ ਦੇ ਬਾਵਜੂਦ ਹਲਕਾ ਦਾਖਾ ਦੇ ਲੋਕ ਵੀ ਫੂਲਕਾ ਨਾਲ ਨਾ ਖੜੇ ਹੋਏ। ਮੌਜੂਦਾ ਚੋਣਾਂ ਦੌਰਾਨ ਬਹੁਗਿਣਤੀ ਲੋਕਾਂ ਨੇ ਅਕਾਲੀ ਦਲ ਨੂੰ ਦੋਸ਼ੀ ਨਾ ਮੰਨ ਕੇ ਉਸ ਦੇ ਉਮੀਦਵਾਰ ਦੇ ਹੱਕ ’ਚ ਹੀ ਫਤਵਾ ਦੇ ਦਿੱਤਾ। ਚੋਣਾਂ ਦੌਰਾਨ ਅਕਾਲੀ ਦਲ ਨੇ ਵੀ ਬੇਅਦਬੀ ਮਾਮਲੇ ਨੂੰ ਹਥਿਆਰ ਬਣਾ ਕੇ ਵਰਤਿਆ ਅਤੇ ਕੈਪਟਨ ਸਰਕਾਰ ਨੂੰ ਸਿੱਧਾ-ਸਿੱਧਾ ਘੇਰਨਾ ਸ਼ੁਰੂ ਕਰ ਦਿੱਤਾ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਾਂਗਰਸ ਨੂੰ ਖੁੱਲ੍ਹੇਆਮ ਚਣੌਤੀ ਦਿੱਤੀ ਕਿ ਜੇਕਰ ਅਕਾਲੀ ਦਲ ਦੇ ਮੁੱਖ ਆਗੂ ਬੇਅਦਬੀ ਅਤੇ ਬਹਿਬਲ ਕਲਾਂ ਮਾਮਲੇ ਵਿਚ ਦੋਸ਼ੀ ਹਨ ਤਾਂ ਹੁਣ ਤੱਕ ਉਨ੍ਹਾਂ ਨੂੰ ਫੜ ਕੇ ਅੰਦਰ ਕਿਉਂ ਨਹੀਂ ਕੀਤਾ ਗਿਆ।


ਅਸਤੀਫਾ ਦੇਣ ਤੋਂ ਪਹਿਲਾਂ ਵਾਪਰਿਆ ਘਟਨਾਕ੍ਰਮ 
ਫੂਲਕਾ ਨੇ ਇਹ ਅਸਤੀਫਾ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ ਜਲਦੀ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਜੋਂ ਦਿੱਤਾ ਸੀ। ਫੂਲਕਾ ਵੱਲੋਂ ਅਸਤੀਫਾ ਦਿੱਤੇ ਜਾਣ ਦਾ ਅਧਾਰ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੀ, ਜਿਸ ਵਿਚ ਬਾਦਲ  ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਸੀ। ਫੂਲਕਾ ਨੇ ਕੈਪਟਨ ਸਰਕਾਰ ਨੂੰ ਬਾਦਲਾਂ ਖ਼ਿਲਾਫ ਜਲਦ ਕਾਰਵਾਈ ਕਰਨ ਦੀ ਚੇਤਾਵਨੀ ਦਿੰਦਿਆ ਕਿਹਾ ਸੀ ਕਿ ਜੇਕਰ ਸਰਕਾਰ ਵਲੋਂ 15 ਸਤੰਬਰ 2018 ਤਕ ਉਨ੍ਹਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਵਿਧਾਨ ਸਭਾ 'ਚੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਦਾ ਮੰਨਣਾ ਸੀ ਕਿ ਬੇਅਦਬੀ ਮਾਮਲੇ ’ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਬਾਅਦ ਵੀ ਬਾਦਲਾਂ ਖਿਲਾਫ ਕਾਰਵਾਈ ਨਾ ਹੋਣ ਕਾਰਨ ਦੁਨੀਆਂ ਭਰ ਵਿਚ ਵੱਸਦੇ ਸਿੱਖ, ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਮਿਲੀਭੁਗਤ ਦੇ ਸਿੱਧੇ-ਸਿੱਧੇ ਦੋਸ਼ ਵੀ ਲਗਾਏ ਸਨ। ਉਸ ਮੌਕੇ ਇਹ ਮਾਮਲਾ ਐਨਾ ਗਰਮਾ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਪੂਰਾ ਦਿਨ ਇਸ ਮਾਮਲੇ ’ਤੇ ਲਾਈਵ ਚਰਚਾ ਕੀਤੀ ਗਈ ਸੀ। ਫੂਲਕਾ ਦੇ ਅਲਟੀਮੇਟਮ ਤੋਂ ਬਾਅਦ ਵੀ ਜਦੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ। 
  
ਕੀ ਅਸਤੀਫਾ ਹੀ ਸੀ ਬੇਅਦਬੀ ਮਾਮਲੇ ’ਤੇ ਪੈਰਵਾਈ ਕਰਵਾਉਣ ਇਕੋ-ਇਕ ਢੰਗ ?

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬੇਅਦਬੀ ਮਾਮਲੇ ਸਬੰਧੀ ਕਾਰਵਾਈ ਲਈ ਦਬਾਅ ਬਣਾਉਣ ਲਈ ਫੂਲਕਾ ਦਾ ਅਸਤੀਫਾ ਗਲਤ ਸਾਬਤ ਹੋਇਆ ਹੈ ਜਾਂ ਸਹੀ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਉਹ ਫੂਲਕਾ ਦੇ ਅਸਤੀਫੇ ਨੂੰ ਸਹੀ ਨਹੀਂ ਮੰਨਦੇ। ਉਨ੍ਹਾਂ ਦਾ ਮੰਨਣਾ ਹੈ ਕਿ ਫੂਲਕਾ ਨੂੰ ਅਸਤੀਫਾ ਦੇਣ ਦੀ ਬਜਾਏ ਵਿਧਾਨ ਸਭਾ ਦੇ ਵਿਚ ਰਹਿ ਕੇ ਬੇਅਦਬੀ ਮਾਮਲੇ ਦੀ ਪੈਰਵਾਈ ਲਈ ਦਬਾਅ ਬਣਾਉਣਾ ਚਾਹੀਦਾ ਸੀ। ਵਿਧਾਨ ਸਭਾ ਵਿਚ ਰਹਿ ਕੇ ਉਹ ਬਿਹਤਰ ਢੰਗ ਨਾਲ ਇਸ ਮਾਮਲੇ ਨੂੰ ਚੁੱਕ ਸਕਦੇ ਸਨ। ਇਸ ਦੇ ਨਾਲ-ਨਾਲ ਇਸ ਜ਼ਿਮਨੀ ਚੋਣ ਦੇ ਬੋਝ ਤੋਂ ਵੀ ਸੂਬੇ ਨੂੰ ਬਚਾਇਆ ਜਾ ਸਕਦਾ ਸੀ। ਉਸ ਮੌਕੇ ਫੂਲਕਾ ਨੇ ਸਿਰਫ ਵਿਧਾਨ ਸਭਾ ਤੋਂ ਹੀ ਅਸਤੀਫਾ ਨਹੀਂ ਦਿੱਤਾ ਬਲਕਿ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਖੁਦ ਨੂੰ ਸਿਆਸਤ ਤੋਂ ਪੂਰੀ ਤਰ੍ਹਾਂ ਲਾਂਭੇ ਕਰ ਲਿਆ ਸੀ। ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਵੱਲੋਂ ਵੀ ਫੂਲਕੇ ਦੇ ਅਸਤੀਫੇ ਦਾ ਸਮਰਥਨ ਨਾ ਕੀਤਾ ਗਿਆ। 

jasbir singh

This news is News Editor jasbir singh