ਦੀਕਸ਼ਾਰਥੀ ਵੈਰਾਗੀ ਅਤੇ ਵੈਰਾਗਣਾਂ ਦੀ ਕੇਸਰ ਤਿਲਕ ਰਸਮ ਅਦਾ

02/17/2018 12:17:00 PM

ਬੁਢਲਾਡਾ (ਗਰਗ, ਬਾਂਸਲ)-21 ਫਰਵਰੀ ਨੂੰ ਹੋਣ ਜਾ ਰਹੇ ਜੈਨ ਭਗਵਤੀ ਦੀਕਸ਼ਾ ਮਹਾਉਤਸਵ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਜੋਸ਼ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਹੈ। ਅੱਜ ਜੈਨ ਧਰਮ ਦੀ ਪ੍ਰੰਪਰਾ ਅਨੁਸਾਰ ਦੀਕਸ਼ਾਰਥੀ ਵੈਰਾਗੀ ਅਤੇ ਵੈਰਾਗਣਾਂ ਦੀ ਕੇਸਰ ਤਿਲਕ ਦੀ ਰਸਮ ਅਦਾ ਕੀਤੀ ਗਈ। ਪੂਜਯ ਗੁਰੂਦੇਵ ਸ਼੍ਰੀ ਸੁਦਰਸ਼ਨ ਲਾਲ ਜੀ ਮਹਾਰਾਜ ਦੇ ਸ਼ਿਸ਼ ਸੰਘ ਸੰਚਾਲਕ ਸ਼੍ਰੀ ਨਰੇਸ਼ ਮੁਨੀ ਜੀ ਨੇ ਪ੍ਰਵਚਨ 'ਚ ਫਰਮਾਇਆ ਕਿ ਸੰਜਮ, ਤਪ ਅਤੇ ਤਿਆਗ ਦਾ ਮਾਰਗ ਬਹੁਤ ਕਠਿਨ ਹੈ। ਇਸ ਮਾਰਗ 'ਤੇ ਉਹੀ ਪੁੰਨ ਆਤਮਾ ਅੱਗੇ ਵਧਦੀ ਹੈ ਜਿਸ ਦੀ ਪੁੰਨ ਬਾਣੀ ਜਾਗਦੀ ਹੈ। ਉਨ੍ਹਾਂ ਕਿਹਾ ਕਿ ਕੇਸਰ ਬਲੀਦਾਨ ਦਾ ਪ੍ਰਤੀਕ ਹੈ। ਜਦੋਂ ਵੀਰ ਜਵਾਨ ਦੇਸ਼ ਦੀ ਰੱਖਿਆ ਲਈ ਯੁੱਧ 'ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਜੇਤੂ ਹੋਣ ਲਈ ਕੇਸਰ ਦਾ ਤਿਲਕ ਲਾ ਕੇ ਰਵਾਨਾ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਸੰਜਮ ਮਾਰਗ 'ਤੇ ਅੱਗੇ ਵਧਣ ਲਈ ਵੇਰਾਗੀ ਭੈਣਾਂ-ਭਰਾਵਾਂ ਨੂੰ ਕੇਸਰ ਤਿਲਕ ਲਾ ਕੇ ਆਸ਼ੀਰਵਾਦ ਦਿੱਤਾ ਜਾਂਦਾ ਹੈ। ਉਨ੍ਹਾਂ ਫਰਮਾਇਆ ਕਿ ਉਹ ਮਾਤਾ-ਪਿਤਾ ਧਨ ਹਨ ਜੋ ਆਪਣੇ ਬੱਚਿਆਂ ਨੂੰ ਇਸ ਮਾਰਗ 'ਤੇ ਅੱਗੇ ਵਧਣ ਦੀ ਪ੍ਰੇਰਣਾ ਅਤੇ ਆਗਿਆ ਦਿੰਦੇ ਹਨ। ਅੱਜ ਇਨਸਾਨ ਇੱਛਾਵਾਂ ਅਤੇ ਬੁਰਾਈਆਂ ਦਾ ਗੁਲਾਮ ਹੋ ਰਿਹਾ ਹੈ ਅਤੇ ਸਾਧੂ ਸੰਤ ਇਨ੍ਹਾਂ ਬੁਰਾਈਆਂ 'ਤੇ ਬਰੇਕ ਲਾ ਕੇ ਬੰਧਨਾਂ ਤੋਂ ਮੁਕਤ ਕਰਵਾਉਣ ਆਉਂਦੇ ਹਨ। 


ਇਸ ਮੌਕੇ ਦੀਕਸ਼ਾਰਥੀ ਚਿਰੰਜੀਵ ਅਖਿਲ ਜੈਨ, ਚਿਰੰਜੀਵ ਅਨੰਤ ਕੁਮਾਰ (ਨਿਖਿਲ), ਸੁਸ਼੍ਰੀ ਸਕਲਪ ਸ਼੍ਰੀ, ਸੁਸ਼੍ਰੀ ਸਪਤੀ ਸ਼੍ਰੀ ਨੂੰ ਤਿਲਕ ਲਾ ਕੇ ਉਨ੍ਹਾਂ ਦੇ ਪਰਿਵਾਰਾਂ, ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਡਾ. ਆਰ. ਸੀ. ਜੈਨ, ਪਦਮ ਜੈਨ, ਮੁਕੇਸ਼ ਜੈਨ, ਦਇਆ ਚੰਦ ਜੈਨ, ਸੁਰੇਸ਼ ਜੈਨ, ਵਿਨੋਦ ਜੈਨ, ਰਵਿੰਦਰ ਕੁਮਾਰ ਅਤੇ ਜੈਨ ਯੁਵਕ ਸੰਘ, ਮਹਿਲਾ ਮੰਡਲ ਤੋਂ ਇਲਾਵਾ ਹਜ਼ਾਰਾਂ ਨਰ-ਨਾਰੀਆਂ ਨੇ ਆਪਣੀ ਸ਼ਰਧਾ ਪ੍ਰਗਟ ਕਰਦੇ ਹੋਏ ਆਸ਼ੀਰਵਾਦ ਦਿੱਤਾ।