3 ਲੱਖ ਬੋਰੀਆਂ ਨਾਲ ਧੁੱਸੀ ਬੰਨ੍ਹ ਦੀ 500 ਫੁੱਟ ਦੀ ਦਰਾਰ ਭਰੀ, ਰਾਹਤ ਕੰਮਾਂ ’ਚ ਆਈ ਤੇਜ਼ੀ

09/03/2019 1:41:38 AM

ਜਲੰਧਰ,(ਪੁਨੀਤ)– ਹੜ੍ਹ ਕਾਰਣ ਜਾਨੀਆ ਪਿੰਡ ਦੇ ਧੁੱਸੀ ਬੰਨ੍ਹ ਵਿਚ ਪਈ 500 ਫੁੱਟ ਦੀ ਦਰਾਰ ਭਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਇਸ ਲਈ 3 ਲੱਖ ਬੋਰੀਆਂ ਵਿਚ ਰੇਤ ਭਰ ਕੇ ਦਰਾਰਾਂ ਵਿਚ ਪਾਈ ਗਈ, ਜਦੋਂਕਿ 2 ਲੱਖ ਫੁੱਟ ਪੱਥਰ, 270 ਕੁਇੰਟਲ ਸਟੀਲ ਦੀ ਤਾਰ ਦੀ ਵਰਤੋਂ ਕੀਤੀ ਗਈ। 3 ਲੱਖ ਬੋਰੀਆਂ ਨੂੰ ਭਰਨ ਲਈ 80 ਪਿੰਡਾਂ ਦੇ 2200 ਮਨਰੇਗਾ ਵਰਕਰਾਂ ਨੇ ਅਹਿਮ ਭੂਮਿਕਾ ਨਿਭਾਈ। ਦਰਾਰ ਭਰਨ ਕਾਰਣ ਰਾਹਤ ਕੰਮਾਂ ਵਿਚ ਤੇਜ਼ੀ ਆਈ ਹੈ। ਬੰਨ੍ਹ ਲਈ ਪਠਾਨਕੋਟ ਤੋਂ ਪੱਥਰ ਦੀ ਸਪਲਾਈ ਮੰਗਵਾ ਕੇ ਕਮਾਲਪੁਰਾ ਪਿੰਡ ਵਿਚ ਸਟਾਕ ਕਰ ਕੇ ਟਰਾਲੀਆਂ ਵਿਚ ਲਿਜਾਇਆ ਗਿਆ। ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਵੱਡੀ ਮਸ਼ੀਨਰੀ ਮੰਗਵਾਈ ਗਈ ਹੈ। ਡੀ. ਸੀ. ਵਰਿੰਦਰ ਸ਼ਰਮਾ ਨੇ ਭਾਰਤੀ ਫੌਜ, ਡ੍ਰੇਨੇਜ ਵਿਭਾਗ, ਸਮਾਜ ਸੇਵੀ ਸੰਗਠਨਾਂ ਅਤੇ ਹੋਰ ਲੋਕਾਂ ਦਾ ਮਦਦ ਲਈ ਧੰਨਵਾਦ ਕੀਤਾ। ਵੱਖ-ਵੱਖ ਪਿੰਡਾਂ ਵਿਚ ਡੀ. ਸੀ. ਵਰਿੰਦਰ ਸ਼ਰਮਾ, ਏ. ਡੀ. ਸੀ. ਕੁਲਵੰਤ ਸਿੰਘ, ਐੱਸ. ਡੀ. ਐੱਮ. ਚਾਰੂਮਿਤਾ ਰਾਹਤ ਕੰਮਾਂ ਦਾ ਜਾਇਜ਼ਾ ਲੈਂਦੇ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਜਾਨੀਆ ਤੋਂ ਇਲਾਵਾ ਪਿੰਡ ਗੱਟਾ ਮੰਡੀ ਕਾਸੂ ਦੀ 400 ਫੁੱਟ ਦੀ ਦਰਾਰ ਵੀ ਪੂਰ ਦਿੱਤੀ ਗਈ ਹੈ ਅਤੇ ਹੋਰ ਦਰਾਰਾਂ ਭਰਨ ਦਾ ਵੀ ਕੰਮ ਜਾਰੀ ਹੈ। ਉਥੇ ਪਾਵਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਪਿੰਡਾਂ ਵਿਚ ਬਿਜਲੀ ਚਾਲੂ ਕਰਵਾਉਣ ਤੋਂ ਬਾਅਦ ਹੁਣ ਮੁਰੰਮਤ ਦਾ ਕੰਮ ਜਾਰੀ ਹੈ। ਇਸਦੇ ਲਈ ਪੈਟਰੋਲਿੰਗ ਟੀਮਾਂ ਕੰਮ ਕਰ ਰਹੀਆਂ ਹਨ।

ਪ੍ਰਸ਼ਾਸਨ ਨੇ ਲੋਕਾਂ ਕੋਲੋਂ ਮੰਗਿਆ ਨੁਕਸਾਨ ਦਾ ਹਿਸਾਬ

ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਨੁਕਸਾਨ ਦਾ ਹਿਸਾਬ ਦੇਣ ਲਈ ਕਿਹਾ ਹੈ ਤਾਂ ਜੋ ਮੁਆਵਜ਼ਾ ਦੇਣ ਦਾ ਕੰਮ ਜਲਦੀ ਸ਼ੁਰੂ ਹੋ ਸਕੇ। ਇਸ ਸਬੰਧ ਵਿਚ ਫਸਲਾਂ, ਪਸ਼ੂ, ਘਰਾਂ ਵਿਚ ਹੋਏ ਨੁਕਸਾਨ ਲਈ ਪਟਵਾਰੀ ਅਤੇ ਮਾਲ ਵਿਭਾਗ ਦੇ ਕਰਮਚਾਰੀ ਪਿੰਡ-ਪਿੰਡ ਜਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਨੁਕਸਾਨ ਦਾ ਹਿਸਾਬ ਲੈਣ ਤੋਂ ਬਾਅਦ ਉਸਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ।