ਆਲ ਇੰਡੀਆ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਨੇ ਲਾਇਆ ਧਰਨਾ

08/10/2018 12:42:17 AM

ਮੋਗਾ, (ਗੋਪੀ ਰਾਊਕੇ)-ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਲੋਕ ਵਿਰੋਧੀ, ਮਜ਼ਦੂਰ, ਕਿਸਾਨ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਦੇ ਖਿਲਾਫ ਸੀਟੂ, ਆਲ ਇੰਡੀਆ ਕਿਸਾਨ ਸਭਾ ਪੰਜਾਬ ਅਤੇ ਆਲ ਇੰਡੀਆ ਖੇਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਛੱਡੋ ਅੰਦੋਲਨ ਦੀ 76ਵੀਂ ਵਰ੍ਹੇਗੰਢ ਦੌਰਾਨ ‘ਜੇਲ੍ਹ ਭਰੋ ਅੰਦੋਲਨ’ ਨੂੰ ਸਫਲ ਬਨਾਉਣ ਲਈ ਦਿੱਤੀ ਜਾ ਰਹੀ ਗ੍ਰਿਫਤਾਰੀ ਦੀ ਲਡ਼ੀ ਤਹਿਤ ਮੋਗਾ ਜ਼ਿਲੇ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਮੂਹਰੇ ਰੋਸ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲਾ ਸੀ. ਪੀ. ਆਈ. ਐੱਮ. ਕਾਮਰੇਡ ਸੁਰਜੀਤ ਸਿੰਘ ਗਗਡ਼ਾ ਨੇ ਕਿਹਾ ਕਿ ਸਰਕਾਰਾਂ ਨੇ ਮਹਿੰਗਾਈ ਨੂੰ ਨਕੇਲ ਨਹੀਂ ਕੱਸੀ। ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਲਾਗੂ ਤਕ ਨਹੀਂ ਕੀਤੀ, ਜਿਸ ਕਾਰਨ ਹੁਣ ਹਰ ਵਰਗ ਸਰਕਾਰਾਂ ਦੀ ਗਲਤ ਨੀਤੀਆਂ ਤੋਂ ਪ੍ਰੇਸ਼ਾਨ ਹੈ। ਕਿਸਾਨ ਸਭਾ ਦੇ ਨੇਤਾ ਦਿਆਲ ਸਿੰਘ ਕੈਲਾ, ਅਮਰਜੀਤ ਸਿੰਘ, ਜਗਦੇਵ ਸਿੰਘ ਰੌਂਤਾ, ਜਾਗੀਰ ਸਿੰਘ ਬੱਧਨੀ, ਮਗਨਰੇਗਾ ਯੂਨੀਅਨ ਦੇ ਨੇਤਾ ਜਸਵਿੰਦਰ ਕੌਰ, ਪ੍ਰੀਤ ਦੇਵ ਸੋਢੀ, ਅੰਗਰੇਜ ਸਿੰਘ, ਟੈਂਪੂ ਯੂਨੀਅਨ ਦੇ ਨੇਤਾ ਸਵਰਨ ਸਿੰਘ ਨੇ ਸਰਕਾਰ ਤੋਂ ਜਲਦ ਮਜ਼ਦੂਰਾਂ, ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ’ਤੇ ਨਕੇਲ ਕੱਸੀ ਜਾਵੇ, ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ ਲਾਗੂ ਕੀਤੀ ਜਾਵੇ, ਮਜ਼ਦੂਰਾਂ ਦੀ ਦਿਹਾੜੀ ਘੱਟ ਤੋਂ ਘੱਟ 600 ਰੁਪਏ ਕੀਤੀ ਜਾਵੇ, ਬੇਰੁਜ਼ਗਾਰੀ ਖਤਮ ਕੀਤੀ ਜਾਵੇ, ਆਊਟਸੋਰਸਿੰਗ ਨੀਤੀ ਬੰਦ ਕੀਤੀ ਜਾਵੇ। ਇਸ ਮੌਕੇ ਕਸ਼ਮੀਰ ਸਿੰਘ, ਬਲਰਾਮ ਸਿੰਘ, ਸੁਖਦੇਵ ਸਿੰਘ, ਨਰਿੰਦਰ ਸਿੰਘ, ਪ੍ਰਵੀਨ ਧਵਨ, ਕਰਨੈਲ ਸਿੰਘ, ਪਾਲਾ ਸਿੰਘ, ਤਰਸੇਮ ਸੰਘ ਆਦਿ ਹਾਜ਼ਰ ਸਨ।