ਧਰਮਵੀਰ ਗਾਂਧੀ ਦਾ ਐਲਾਨ, ਮਾਲਵੇ ਦੀ ਇਹ ਸਮੱਸਿਆ ਹੱਲ ਕਰਾ ਕੇ ਵਾਪਸੀ ਕਰੂੰ (ਵੀਡੀਓ)

11/30/2015 8:30:24 PM

ਪਟਿਆਲਾ : ਆਮ ਆਦਮੀ ਪਾਰਟੀ ''ਚੋਂ ਕੱਢੇ ਗਏ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਲੋਕ ਸਭਾ ਸੈਸ਼ਨ ਵਿਚ ਪਿਛਲੇ ਦਿਨੀਂ ਚਿੱਟੀ ਮੱਖੀ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਦਾ ਮੁੱਦਾ ਚੁੱਕਣ ਜਾ ਰਹੇ ਹਨ। ਗਾਂਧੀ ਨੇ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਪਾਸੋਂ ਮੰਗ ਕਰਨਗੇ ਕਿ ਉਹ ਕਿਸਾਨਾਂ ਨੂੰ ਰਾਹਤ ਦੇਣ ਲਈ ਆਪਣੇ ਵਲੋਂ ਵੀ 12-12 ਹਜ਼ਾਰ ਰੁਪਏ ਦੀ ਸਹਾਇਤਾ ਕਰੇ।
ਇੰਨਾ ਹੀ ਨਹੀਂ ਗਾਂਧੀ ਨੇ ਕਿਹਾ ਕਿ ਮਾਲਵੇ ਦੀ ਸਭ ਤੋਂ ਵੱਡੀ ਸਮੱਸਿਆ ਬਠਿੰਡਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਨੂੰ ਹਰੀ ਝੰਡੀ ਦਿਵਾ ਕੇ ਹੀ ਉਹ ਇਸ ਵਾਰ ਵਾਪਸ ਪਰਤਣਗੇ ਅਤੇ ਨਾਲ ਹੀ ਬਠਿੰਡਾ ਦਿੱਲੀ ਲਈ ਐਕਸਪ੍ਰੈਸ ਗੱਡੀ ਸ਼ੁਰੂ ਕਰਵਾਉਣਗੇ।
ਇਸ ਦੇ ਨਾਲ-ਨਾਲ ਪਟਿਆਲਾ ਦੀ ਸਭ ਤੋਂ ਵੱਡੀ ਸਮੱਸਿਆ ਘੱਗਰ ਦਰਿਆ ਦੇ ਮੁੱਦੇ ਨੂੰ ਵੀ ਉਹ ਸੰਸਦ ''ਚ ਚੁੱਕਣਗੇ। ਗਾਂਧੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਘੱਗਰ ਦੇ ਮਸਲੇ ''ਤੇ ਸੁਪਰੀਮ ਕੋਰਟ ਵਲੋਂ ਸਟੇਅ ਲਿਆ ਹੋਇਆ ਹੈ ਜਿਸ ਕਾਰਨ ਪੰਜਾਬ ਵਲੋਂ ਘੱਗਰ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਗਾਂਧੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਮਸਲੇ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

Gurminder Singh

This news is Content Editor Gurminder Singh