''ਆਪ'' ਵਲੋਂ ਚਲਾਏ ਜਾ ਰਹੇ ਬਿਜਲੀ ਅੰਦੋਲਨ ਸਬੰਧੀ ਕੀਤੀ ਮੀਟਿੰਗ

07/12/2019 5:20:25 PM

ਧਾਰੀਵਾਲ (ਗੁਰਪ੍ਰੀਤਖੋਸਲਾ, ਬਲਬੀਰ) : ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਲੋਂ ਹਲਕਾ ਕਾਦੀਆਂ ਦੇ ਇੰਚਾਰਜ ਡਾ. ਕਮਲਜੀਤ ਸਿੰਘ ਦੇ ਪ੍ਰਬੰਧਾਂ ਹੇਠ ਧਾਰੀਵਾਲ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਪੀ. ਏ. ਸੀ. ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਬੁਢਲਾਡਾ ਅਤੇ ਬਿਜਲੀ ਅੰਦੋਲਨ ਦੇ ਕੋ-ਆਰਡੀਨੇਟਰ ਮੀਤ ਹੇਅਰ ਵਿਧਾਇਕ ਬਰਨਾਲਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। 

ਮੀਟਿੰਗ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸਮੁੱਚੇ ਪੰਜਾਬ ਅੰਦਰ ਬਿਜਲੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ, ਜਿਸਦੇ ਤਹਿਤ ਹਰੇਕ ਲੋਕ ਸਭਾ ਹਲਕੇ 'ਚ ਵਲੰਟੀਅਰਾਂ ਨੂੰ ਬਿਜਲੀ ਅੰਦੋਲਨ ਸਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਰਿਆਵਾਂ ਦੀ ਧਰਤੀ ਹੈ ਤੇ ਪੰਜਾਬ ਦੇ ਤਿੰਨੇ ਹੀ ਵੱਡੇ ਦਰਿਆਵਾਂ 'ਤੇ ਡੈਮ ਬਣੇ ਹਨ ਤੇ ਨਹਿਰਾਂ ਨਿਕਲੀਆਂ ਹਨ, ਜਿਨ੍ਹਾਂ ਰਾਹੀਂ ਸਿੰਚਾਈ ਦੇ ਨਾਲ-ਨਾਲ ਪਾਣੀ ਤੋਂ ਬਿਜਲੀ ਵੀ ਪੈਦਾ ਕੀਤੀ ਜਾਂਦੀ ਹੈ ਅਤੇ ਪੰਜਾਬ ਸੂਬਾ ਬਿਜਲੀ ਪੈਦਾ ਕਰਨ ਲਈ ਸਮਰਥ ਹੈ। ਉਨ੍ਹਾਂ ਕਿਹਾ ਕਿ ਪਾਣੀ ਤੋਂ ਬਣਨ ਵਾਲੀ ਬਿਜਲੀ 50-60 ਪੈਸੇ ਪ੍ਰਤੀ ਯੂਨਿਟ ਤਿਆਰ ਹੁੰਦੀ ਹੈ ਇਸੇ ਤਰ੍ਹਾਂ ਕੋਇਲੇ ਨਾਲ ਬਣਨ ਵਾਲੀ ਬਿਜਲੀ ਵੀ 1.20 ਰੁਪਏ ਪ੍ਰਤੀ ਯੂਨਿਟ ਤਿਆਰ ਹੁੰਦੀ ਹੈ ਅਤੇ ਇੰਨੀ ਸਸਤੀ ਬਿਜਲੀ ਤਿਆਰ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਕਰੀਬ 7 ਰੁਪਏ ਤੋਂ 10 ਰੁਪਏ ਤੱਕ ਪੰਜਾਬ ਸਰਕਾਰ ਬਿਜਲੀ ਬਿੱਲ ਭੇਜਦੀ ਹੈ, ਜੋ ਕਿ ਸਰਕਾਰ ਵਲੋਂ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। 

ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਸਰਕਾਰ ਵੀ ਬਾਹਰਲੇ ਰਾਜਾਂ ਤੋਂ ਬਿਜਲੀ ਖਰੀਦ ਕੇ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨੂੰ 1 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦੇ ਰਹੀ ਹੈ ਅਤੇ ਪੰਜਾਬ ਸਰਕਾਰ ਆਪਣੇ ਡੈਮਾਂ ਤੋਂ ਬਿਜਲੀ ਤਿਆਰ ਕਰਕੇ ਵੀ ਲੋਕਾਂ ਨੂੰ ਮਹਿੰਗੇ ਭਾਅ ਨਾਲ ਬਿਜਲੀ ਦੇ ਰਹੀ ਹੈ, ਜੋ ਕਿ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੈ।

Baljeet Kaur

This news is Content Editor Baljeet Kaur