ਧਨਾਸ-ਮੁੱਲਾਂਪੁਰ ਸੜਕ ਨਿਰਮਾਣ ''ਤੇ ਫਿਰ ਰੋਕ, ਪ੍ਰਸ਼ਾਸਨ ਤੇ ਨਿਗਮ ਨੂੰ ਹਾਈਕੋਰਟ ਦਾ ਨੋਟਿਸ

10/06/2020 1:09:01 PM

ਚੰਡੀਗੜ੍ਹ (ਹਾਂਡਾ) : ਧਨਾਸ ਤੋਂ ਤੋਗਾਂ ਹੋ ਕੇ ਮੁੱਲਾਂਪੁਰ ਅਤੇ ਨਿਊ ਚੰਡੀਗੜ੍ਹ ਨੂੰ ਜੋੜਨ ਵਾਲੀ ਸੜਕ ਦੇ ਨਿਰਮਾਣ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਸੜਕ ਲਈ ਐਕੁਆਇਰ ਕੀਤੀ ਗਈ ਜ਼ਮੀਨ ਦਾ ਸਹੀ ਮੁਆਵਜ਼ਾ ਨਾ ਦਿੱਤੇ ਜਾਣ ਤੋਂ ਨਾਰਾਜ਼ ਕਈ ਕਿਸਾਨਾਂ ਨੇ ਹਾਈਕੋਰਟ 'ਚ ਪਟੀਸ਼ਨਾਂ ਦਾਖ਼ਲ ਕੀਤੀਆਂ ਸਨ, ਜਿਨ੍ਹਾਂ ’ਤੇ ਸੁਣਵਾਈ ਕਰਦਿਆਂ ਡਵੀਜ਼ਨ ਬੈਂਚ ਨੇ ਸੜਕ ਨਿਰਮਾਣ ’ਤੇ ਰੋਕ ਲਗਾ ਦਿੱਤੀ।

ਕਿਸਾਨਾਂ ਵਲੋਂ ਬਹਿਸ ਕਰਦਿਆਂ ਵਕੀਲ ਚਰਨਪਾਲ ਬਾਗੜੀ ਨੇ ਅਦਾਲਤ ਨੂੰ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਬਿਨਾਂ ਕਿਸਾਨਾਂ ਦਾ ਪੱਖ ਸੁਣੇ ਉਨ੍ਹਾਂ ਦੀ ਜ਼ਮੀਨ ਐਕੁਆਇਰ ਕੀਤੀ ਅਤੇ ਬਿਨਾਂ ਨੋਟਿਸ ਦਿੱਤੇ ਹੀ ਜ਼ਮੀਨਾਂ ਦਾ ਜ਼ਬਰਨ ਐਵਾਰਡ ਵੀ ਕੀਤਾ, ਜਿਸ ਦਾ ਕਿਸਾਨਾਂ ਨੇ ਵਿਰੋਧ ਵੀ ਕੀਤਾ ਸੀ ਪਰ ਪ੍ਰਸ਼ਾਸਨ ਨੇ ਇਸ ਦੀ ਪ੍ਰਵਾਹ ਕੀਤੇ ਬਿਨਾਂ ਸੜਕ ਉਸਾਰੀ ਦਾ ਟੈਂਡਰ ਕੀਤਾ ਅਤੇ ਕਿਸਾਨਾਂ ਦੀ ਫ਼ਸਲ ਉਜਾੜ ਕੇ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ, ਜੋ ਕਿ ਗੈਰ-ਸੰਵਿਧਾਨਿਕ ਹੈ।

ਅਦਾਲਤ ਨੂੰ ਪ੍ਰਸ਼ਾਸਨ ਵਲੋਂ ਕੀਤੀ ਗਈ ਜ਼ਬਰਦਸਤੀ ਦੇ ਸਬੂਤ ਵੀ ਦਿਖਾਏ ਗਏ, ਜਿਸ ’ਤੇ ਅਦਾਲਤ ਨੇ ਸੜਕ ਨਿਰਮਾਣ ’ਤੇ ਅਗਲੀ ਸੁਣਵਾਈ ਤੱਕ ਰੋਕ ਲਗਾਉਂਦਿਆਂ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ।
 


Babita

Content Editor

Related News