ਕੈਬਨਿਟ ਮੰਤਰੀ ਧਾਲੀਵਾਲ ਨੇ ਆਦਮਪੁਰ ਹਲਕੇ ਲਈ 29 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਕੀਤਾ ਐਲਾਨ

05/22/2023 8:40:00 PM

ਆਦਮਪੁਰ/ਜਲੰਧਰ (ਬਿਊਰੋ) : ਵਿਧਾਨ ਸਭਾ ਹਲਕਾ ਆਦਮਪੁਰ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਇੱਥੇ ਹੁਸ਼ਿਆਰਪੁਰ ਰੋਡ ਆਦਮਪੁਰ ਵਿਖੇ ‘ਸਰਕਾਰ ਤੁਹਾਡੇ ਦੁਆਰ’ ਸਮਾਗਮ ਦੌਰਾਨ ਸਮੁੱਚੇ ਹਲਕੇ ਲਈ 29.58 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਆਦਮਪੁਰ ਦੇ ਸਰਵਪੱਖੀ ਵਿਕਾਸ ਲਈ ਪਹਿਲਾਂ ਹੀ ਵਿਆਪਕ ਵਿਕਾਸ ਯੋਜਨਾ ਉਲੀਕੀ ਜਾ ਚੁੱਕੀ ਹੈ, ਜਿਸ ਸਦਕਾ ਇਹ ਖੇਤਰ ਸੂਬੇ ਦੇ ਸਭ ਤੋਂ ਵਿਕਸਤ ਹਲਕਿਆਂ ਵਿੱਚ ਮਿਸਾਲ ਵਜੋਂ ਉਭਰੇਗਾ।

ਇਹ ਵੀ ਪੜ੍ਹੋ : ਬਾਥਰੂਮ 'ਚੋਂ ਮਿਲੀ ਅਭਿਨੇਤਾ ਆਦਿਤਿਆ ਸਿੰਘ ਰਾਜਪੂਤ ਦੀ ਲਾਸ਼, ਰਾਤ ਦੋਸਤਾਂ ਨਾਲ ਕੀਤੀ ਪਾਰਟੀ, ਫਿਰ ਅਚਾਨਕ...

ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ 29 ਮਈ ਨੂੰ ਹਲਕੇ ਵਿੱਚ 11 ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਜਾਣਗੇ। ਇਨ੍ਹਾਂ ਪ੍ਰਾਜੈਕਟਾਂ ਵਿੱਚ ਪਿੰਡ ਅਰਜਨਵਾਲ 'ਚ 8.43 ਲੱਖ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ, ਮਾਣਕੋ ਪਿੰਡ ਵਿਖੇ 11.24 ਲੱਖ ਨਾਲ ਡਾ. ਬੀ.ਆਰ. ਅੰਬੇਡਕਰ ਭਵਨ ਦੀ ਉਸਾਰੀ, ਕਪੂਰ ਪਿੰਡ ਵਿੱਚ 6.50 ਲੱਖ ਨਾਲ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਹਰੀਪੁਰ ਵਿੱਚ 4.44 ਲੱਖ ਨਾਲ ਰਸਤੇ ਦਾ ਨਿਰਮਾਣ, ਬਿਆਸ ਪਿੰਡ ਵਿੱਚ 7 ਲੱਖ ਰੁਪਏ ਨਾਲ ਸੀਵਰੇਜ ਪ੍ਰਾਜੈਕਟ, ਪੰਡੋਰੀ ਨਿੱਜਰਾਂ 'ਚ 4.10 ਲੱਖ ਨਾਲ ਰਸਤੇ ਨਾਲ ਨਿਰਮਾਣ, ਪਿੰਡ ਖੋਜਕੀਪੁਰ 'ਚ ਗਲੀਆਂ-ਨਾਲੀਆਂ, ਪਿੰਡ ਨੰਗਲ ਫਿਦਾਂ ਵਿਖੇ ਫਿਰਨੀ, ਪਿੰਡ ਮਾਧੋਪੁਰ ਅਤੇ ਲੋਹਾਰਾ 'ਚ ਸੀਵਰੇਜ ਪ੍ਰਾਜੈਕਟ ਅਤੇ ਪਿੰਡ ਭੁੰਡੀਆਂ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਸ਼ਾਮਲ ਹਨ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਸਮਾਜਿਕ-ਆਰਥਿਕ ਤਬਦੀਲੀਆਂ ਲਿਆਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਟੀਚੇ ਦੀ ਪ੍ਰਾਪਤੀ ਲਈ ਸਰਕਾਰ ਵੱਲੋਂ ਸਿਹਤ, ਸਿੱਖਿਆ ਅਤੇ ਪੇਂਡੂ ਵਿਕਾਸ ਨੂੰ ਵਿਸ਼ੇਸ਼ ਤਵੱਜੋ ਦਿੰਦਿਆਂ ਪਹਿਲਾਂ ਹੀ ਠੋਸ ਉਪਰਾਲੇ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਇਸ ਮੌਕੇ ਪੰਚਾਇਤਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਫੰਡ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ।

ਇਹ ਵੀ ਪੜ੍ਹੋ : ਤਰੁਣ ਚੁੱਘ ਨੇ '84 ਦੰਗਿਆਂ ਦੇ ਕੇਸ 'ਚ ਟਾਈਟਲਰ ਵਿਰੁੱਧ CBI ਦੀ ਚਾਰਜਸ਼ੀਟ ਦਾ ਕੀਤਾ ਸਵਾਗਤ

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿੱਚ ਸ਼ਹਿਰਾਂ ਵਰਗਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਤਹਿਤ ਪਿੰਡਾਂ ਲਈ ਆਧੁਨਿਕ ਵਿਕਾਸ ਮਾਡਲ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹੇ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਹਲਕੇ ਦੇ ਪੰਚਾਇਤ ਮੈਂਬਰਾਂ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ ’ਚ 15 ਸਾਲ ਬਾਅਦ ਹੋਇਆ ਯਹੂਦੀ ਵਿਆਹ, ਇਜ਼ਰਾਈਲ ਤੋਂ ਪਹੁੰਚੇ ‘ਰੱਬੀ’

ਇਸ ਮੌਕੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਕੁਮਾਰ ਨੇ ਕਿਹਾ ਕਿ ਪਾਰਟੀ ਦੇ ਹੱਕ ਵਿੱਚ ਦਿੱਤੇ ਸ਼ਾਨਦਾਰ ਫ਼ੈਸਲੇ ਲਈ ਉਹ ਲੋਕ ਸਭਾ ਹਲਕਾ ਜਲੰਧਰ ਦੇ ਵੋਟਰਾਂ ਦੇ ਹਮੇਸ਼ਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਲੋਕਾਂ ਵੱਲੋਂ ਸੂਬਾ ਸਰਕਾਰ ਦੀਆਂ ਲੋਕ ਭਲਾਈ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਸਮਰਥਨ ਦੀ ਪੁਸ਼ਟੀ ਕਰਦਾ ਹੈ।

ਇਸ ਮੌਕੇ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ, ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨਾਸਿਰ ਹਸਨ ਸਲਮਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਵਰਿੰਦਰਪਾਲ ਸਿੰਘ ਬਾਜਵਾ, ਡਵੀਜ਼ਨਲ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਰਣਬੀਰ ਸਿੰਘ, ਐੱਸ.ਡੀ.ਐੱਮ. ਬਲਬੀਰ ਰਾਜ ਸਿੰਘ, ਸੀਨੀਅਰ 'ਆਪ' ਆਗੂ ਜੀਤ ਲਾਲ ਭੱਟੀ, ਪਰਮਜੀਤ ਸਿੰਘ ਰਾਏਪੁਰ ਆਦਿ ਮੌਜੂਦ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh