ਐੱਸ. ਡੀ. ਐੱਮ. ਧਾਲੀਵਾਲ ਨੇ ਕੀਤੀ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ

02/17/2020 6:09:52 PM

ਪੱਟੀ (ਸੌਰਭ) : ਲੌਂਗੋਵਾਲ 'ਚ ਵਾਪਰੇ ਹਾਦਸੇ ਤੋਂ ਬਾਅਦ ਅੱਜ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਐੱਸ. ਡੀ. ਐੱਮ. ਪੱਟੀ ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪ੍ਰਸ਼ਾਸਨ ਅਤੇ ਪੱਟੀ ਪੁਲਸ ਨੇ ਸਵੇਰੇ 7 ਵਜੇ ਕਰੀਬ ਕੁੱਲਾ ਚੌਕ ਅਤੇ ਖੇਮਕਰਨ ਰੋਡ ਪੱਟੀ ਵਿਖੇ ਪ੍ਰਾਈਵੇਟ ਸਕੂਲਾਂ ਦੀਆਂ ਵੱਖ-ਵੱਖ ਬੱਸਾਂ, ਛੋਟੇ ਹਾਥੀ ਅਤੇ ਵੈਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਕਾਗਜ਼ ਪੱਤਰ ਪੂਰੇ ਨਾ ਹੋਣ ਵਾਲੀਆਂ ਸਕੂਲੀ ਬੱਸਾਂ, ਛੋਟੇ ਹਾਥੀ ਅਤੇ ਵੈਨਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਐੱਸ. ਡੀ. ਐੱਮ. ਪੱਟੀ ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਸਖਤ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ 10 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਸੜਕ 'ਤੇ ਚੱਲਣ ਦੀ ਮਨਾਹੀ ਹੈ ਅਤੇ ਵੱਖ-ਵੱਖ ਵਾਹਨਾਂ 'ਚ ਸਮਰੱਥਾ ਅਨੁਸਾਰ ਹੀ ਬੱਚੇ ਬਿਠਾਉਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲਾਂ ਦੀਆਂ ਬੱਸਾਂ ਦੇ ਕਾਗਜ਼ ਪੱਤਰ ਅਤੇ ਡਰਾਈਵਰਾਂ ਦੇ ਲਾਇਸੈਂਸ ਦੀ ਅਜਿਹੀ ਚੈਕਿੰਗ ਅੱਗੇ ਵੀ ਲਗਾਤਾਰ ਜਾਰੀ ਰਹੇਗੀ ਅਤੇ ਬੱਚਿਆਂ ਦੇ ਜੀਵਨ ਨਾਲ ਖਿਲਵਾੜ ਕਰਨ ਵਾਲੇ ਡਰਾਈਵਰਾਂ ਅਤੇ ਸਕੂਲਾਂ ਖਿਲਾਫ ਸਖਤ ਕਾਰਵਾਈ ਆਰੰਭੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੱਟੀ ਤਹਿਸੀਲ ਦੇ ਸਾਰੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਸਕੂਲ ਵਾਹਨਾਂ ਦੀ ਡਿਟੇਲ ਭੇਜਣ ਅਤੇ ਉਨ੍ਹਾਂ ਦੀਆਂ ਬੱਸਾਂ 'ਚ ਅੱਗ ਬੁਝਾਉਣ ਵਾਲੇ ਯੰਤਰਾਂ ਅਤੇ ਹੋਰ ਸਾਮਾਨ ਦੀ ਡਿਟੇਲ ਜ਼ਰੂਰ ਦਿੱਤੀ ਜਾਵੇ ਤਾਂ ਕਿ ਅਜਿਹਾ ਹਾਦਸਾ ਦੁਬਾਰਾ ਨਾ ਹੋ ਸਕੇ। ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਸਕੂਲੀ ਬੱਸਾਂ ਦੀ ਡਿਟੇਲ ਚੈੱਕ ਕਰਨ ਅਤੇ ਕੰਡਮ ਹੋ ਚੁੱਕੀਆਂ ਬੱਸਾਂ ਨੂੰ ਬੰਦ ਕੀਤਾ ਜਾਵੇ ਅਤੇ ਡਰਾਈਵਰਾਂ ਦੇ ਲਾਇਸੈਂਸ, ਬੱਸਾਂ ਦੇ ਪਾਸਿੰਗ, ਪ੍ਰਦੂਸ਼ਣ ਸਰਟੀਫਿਕੇਟ, ਫਿਟਨੈੱਸ ਸਰਟੀਫਿਕੇਟ ਅਤੇ ਹੋਰ ਕਾਗਜ਼ ਪੱਤਰ ਨਾ ਹੋਣ ਕਰਕੇ ਵਾਹਨ ਜ਼ਬਤ ਕਰ ਲਏ ਜਾਣ।

Baljeet Kaur

This news is Content Editor Baljeet Kaur