ਪੰਜਾਬ ਪੁਲਸ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼

10/04/2020 4:59:59 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਨੂੰ ਐਤਵਾਰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਦੇ 2 ਵਿਅਕਤੀਆਂ ਮੱਖਣ ਸਿੰਘ ਗਿੱਲ ਉਰਫ਼ ਅਮਲੀ ਅਤੇ ਦਵਿੰਦਰ ਸਿੰਘ ਉਰਫ਼ ਹੈਪੀ ਨੂੰ ਗ੍ਰਿਫ਼ਤਾਰ ਕਰਕੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜ਼ੈੱਢ. ਐਫ.) ਦੇ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਪੁਲਸ ਨੇ ਉਨ੍ਹਾਂ ਕੋਲੋਂ 2 ਅਤਿ-ਆਧੁਨਿਕ ਹਥਿਆਰ ਅਤੇ ਅਸਲਾ ਬਰਾਮਦ ਕੀਤਾ, ਜਿਸ 'ਚ ਇੱਕ ਐਮਪੀ5 ਸਬ-ਮਸ਼ੀਨ ਗੰਨ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸ ਅਤੇ ਇੱਕ 9 ਐਮ. ਐਮ. ਪਿਸਤੌਲ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸਾਂ ਤੋਂ ਇਲਾਵਾ ਇੱਕ ਚਿੱਟੇ ਰੰਗ ਦੀ ਈਟੀਓਸ ਕਾਰ 4 ਮੋਬਾਈਲ ਫੋਨ ਅਤੇ ਇਕ ਇੰਟਰਨੈਟ ਡੌਂਗਲ ਸ਼ਾਮਲ ਹਨ।

ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਹਾਂ ਨੇ ਖ਼ੁਲਾਸਾ ਕੀਤਾ ਕਿ ਕੈਨੇਡਾ ਰਹਿੰਦੇ ਹਰਪ੍ਰੀਤ ਸਿੰਘ ਨੇ ਤਕਰੀਬਨ 2 ਮਹੀਨੇ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੰਜਾਬ 'ਚ ਅੱਤਵਾਦ ਦੀ ਸਥਿਤੀ ਬਣਾਉਣ ਲਈ ਉਕਸਾਇਆ। ਤਫ਼ਤੀਸ਼ ਦੌਰਾਨ ਦਿੱਤੇ ਬਿਆਨਾਂ ਅਨੁਸਾਰ, ਹਰਪ੍ਰੀਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈਡਐਫ) ਦਾ ਕਾਰਕੁੰਨ ਹੈ, ਜੋ ਅਕਸਰ ਪਾਕਿਸਤਾਨ ਜਾਂਦਾ ਰਹਿੰਦਾ ਹੈ ਅਤੇ ਪਾਕਿ ਅਧਾਰਤ ਕੇ. ਜ਼ੈਡ. ਐਫ. ਦੇ ਮੁੱਖੀ ਰਣਜੀਤ ਸਿੰਘ ਉਰਫ਼ ਨੀਟਾ ਦਾ ਕਰੀਬੀ ਸਾਥੀ ਹੈ।

ਮੁਲਜ਼ਮਾਂ ਨੇ ਅੱਗੇ ਦੱਸਿਆ ਕਿ ਉਪਰੋਕਤ ਹਥਿਆਰ ਅਤੇ ਅਸਲਾ ਉਨ੍ਹਾਂ ਨੂੰ ਨੀਟਾ ਨੇ ਆਪਣੇ ਅਣਪਛਾਤੇ ਕਾਰਕੁੰਨਾਂ ਰਾਹੀਂ ਸਪਲਾਈ ਕੀਤਾ ਹੈ। ਇਸ ਮੌਡਿਊਲ 'ਚ ਸ਼ਾਮਲ ਕੁੱਝ ਹੋਰ ਵਿਦੇਸ਼ੀ ਅੱਤਵਾਦੀਆਂ, ਜਿਨ੍ਹਾਂ ਦਾ ਅਮਰੀਕਾ ਤੇ ਜਰਮਨੀ ਨਾਲ ਸਬੰਧ ਹੋਣ ਬਾਰੇ ਸ਼ੰਕਾ ਹੈ, ਬਾਰੇ ਡੀ. ਜੀ. ਪੀ. ਗੁਪਤਾ ਨੇ ਦੱਸਿਆ ਕਿ ਇਹ ਲੋਕ ਵਿਦੇਸ਼ੀ ਫੰਡਾਂ ਵਜੋਂ ਮਨੀ ਟ੍ਰਾਂਸਫਰ ਸੇਵਾਵਾਂ ਜਿਵੇਂ ਕਿ ਵੈਸਟਰਨ ਯੂਨੀਅਨ ਅਤੇ ਹੋਰ ਕਈ ਚੈਨਲਾਂ ਰਾਹੀਂ ਪੈਸਾ ਅਮਲੀ ਨੂੰ ਟ੍ਰਾਂਸਫਰ ਕਰ ਰਹੇ ਸਨ। ਡੀ. ਜੀ. ਪੀ. ਨੇ ਅੱਗੇ ਖੁਲਾਸਾ ਕੀਤਾ ਕਿ ਮੱਖਣ ਸਿੰਘ ਉਰਫ਼ ਅਮਲੀ ਇਕ ਕੱਟੜਪੰਥੀ ਖਾਲਿਸਤਾਨ ਪੱਖੀ ਅੱਤਵਾਦੀ ਹੈ, ਜਿਸ ਨੂੰ ਪਹਿਲਾਂ ਪੰਜਾਬ ਪੁਲਸ ਨੇ ਅੱਤਵਾਦ ਨਾਲ ਸਬੰਧਿਤ ਵੱਖ-ਵੱਖ ਅਪਰਾਧਾਂ 'ਚ ਗ੍ਰਿਫ਼ਤਾਰ ਕੀਤਾ ਸੀ। ਅਮਲੀ ਪਾਕਿਸਤਾਨ 'ਚੋਂ ਵੀ ਸਿਖਲਾਈ ਪ੍ਰਾਪਤ ਕਰ ਚੁੱਕਾ ਹੈ ਅਤੇ 1980 ਅਤੇ 1990 ਦੇ ਦਹਾਕਿਆਂ ਦੌਰਾਨ ਅਮਰੀਕਾ 'ਚ ਵੀ ਰਿਹਾ ਹੈ।

ਉਹ ਪਾਕਿ ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ, ਵਧਾਵਾ ਸਿੰਘ ਬੱਬਰ ਨਾਲ ਨੇੜਿਓਂ ਜੁੜਿਆ ਰਿਹਾ ਹੈ ਅਤੇ 14 ਸਾਲਾਂ ਤੱਕ ਉਸ ਨਾਲ ਪਾਕਿਸਤਾਨ 'ਚ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਥਾਣਾ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ 'ਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਮਲੀ ਕਾਫ਼ੀ ਸਮੇਂ ਤੋਂ ਵੱਖ-ਵੱਖ ਅੱਤਵਾਦੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ। ਇਸ ਤੋਂ ਪਹਿਲਾਂ ਉਸ ਖ਼ਿਲਾਫ਼ ਤਕਰੀਬਨ 7 ਕੇਸ ਦਰਜ ਹੋਏ ਅਤੇ ਚਲਾਨ ਪੇਸ਼ ਹੋਏ ਪਰ ਉਹ ਬਰੀ ਹੋ ਗਿਆ।

Babita

This news is Content Editor Babita