ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣਾ ਇਕ ਵੱਡੀ ਚੁਣੌਤੀ : ਡੀ. ਜੀ. ਪੀ.

03/20/2020 12:22:32 PM

ਚੰਡੀਗੜ੍ਹ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਇਕ ਵੱਡੀ ਚੁਣੌਤੀ ਕਰਾਰ ਦਿੱਤਾ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਪੰਜਾਬ ਪੁਲਸ ਨੇ ਇਸ ਦਾ ਮੁਕਾਬਲਾ ਕਰਨ ਲਈ ਮਿਸਾਲੀ ਕੰਮ ਕੀਤਾ ਹੈ, ਜਦੋਂ ਕਿ ਸਰਹੱਦ ਪਾਰ ਅੱਤਵਾਦ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਵੀ ਰਹੀ ਹੈ। ਸਰਹੱਦ ਪਾਰ ਅੱਤਵਾਦ ਨੂੰ ਰੋਕਣ 'ਤੇ ਗੱਲਬਾਤ ਦੌਰਾਨ ਡੀ. ਜੀ. ਪੀ. ਨੇ ਕਿਹਾ ਕਿ 1980 ਤੋਂ 1993 ਦੇ ਅੱਤਵਾਦ ਪੜਾਅ ਦੌਰਾਨ ਪੰਜਾਬ 'ਚ ਮਿੱਥ ਕੇ ਕਤਲ ਹੋਏ ਅਤੇ ਅੱਤਵਾਦ ਬਹੁਤ ਜ਼ਿਆਦਾ ਕਿਰਿਆਸ਼ੀਲ ਸੀ। ਤਕਰੀਬਨ 28000 ਲੋਕ ਆਪਣੀਆਂ ਜਾਨਾਂ ਗੁਆ ਬੈਠੇ ਪਰ ਪੰਜਾਬ ਪੁਲਸ ਨੇ ਰਾਜ ਦੇ ਲੋਕਾਂ ਦੇ ਸਹਿਯੋਗ ਅਤੇ ਮਜ਼ਬੂਤ ਰਾਜਨੀਤਿਕ ਇੱਛਾ ਨਾਲ ਇਸ ਦਹਿਸ਼ਤ 'ਤੇ ਕਾਬੂ ਪਾਇਆ ਸੀ।
ਡੀ. ਜੀ. ਪੀ. ਨੇ ਕਿਹਾ ਕਿ ਇੱਕ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ 'ਚ ਪਾਕਿਸਤਾਨ ਆਪਣੇ ਖਾਲਿਸਤਾਨੀ ਏਜੰਡੇ ਨਾਲ ਨੌਜਵਾਨਾਂ ਨੂੰ ਭੜਕਾਉਣ ਲਈ ਨਸ਼ਿਆਂ ਦੀ ਤਸਕਰੀ ਅਤੇ ਅੱਤਵਾਦ ਨੂੰ ਮੁੜ ਪੈਦਾ ਕਰਨ ਲਈ ਡਰੋਨਾਂ ਦੀ ਵਰਤੋਂ ਕਰ ਰਿਹਾ ਹੈ। ਡੀ. ਜੀ. ਪੀ. ਨੇ ਕਿਹਾ ਕਿ ਅਤਿ ਆਧੁਨਿਕ ਹਥਿਆਰ, ਹੱਥ ਗੋਲੇ ਅਤੇ ਨਸ਼ੀਲੇ ਪਦਾਰਥ ਡਰੋਨਾਂ ਰਾਹੀਂ ਭਾਰਤ ਭੇਜੇ ਗਏ। ਉਨ੍ਹਾਂ ਕਿਹਾ, ਹਾਲਾਂਕਿ, ਉੱਚ ਪੱਧਰੀ ਨਿਗਰਾਨੀ ਅਤੇ ਖੁਫੀਆ ਸੂਚਨਾ ਦੇ ਨਾਲ, ਅਸੀਂ ਇਸ ਨਵੀਂ ਚੁਣੌਤੀ ਨੂੰ ਕਾਬੂ ਕਰਨ ਵਿੱਚ ਕਾਫੀ ਸਫਲ ਹੋਏ ਹਾਂ।”ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਸ ਨੇ ਹੁਣ ਤੱਕ 32 ਅੱਤਵਾਦੀ ਮੌਡੀਊਲਾਂ ਦਾ ਵੀ ਪਰਦਾਫਾਸ਼ ਕੀਤਾ ਹੈ।
ਡੀ. ਜੀ. ਪੀ. ਨੇ ਕਿਹਾ ਕਿ ਪਾਕਿਸਤਾਨ ਦੀ ਲੰਬੀ ਸਰਹੱਦ ਸਾਡੇ ਲਈ ਹਮੇਸ਼ਾਂ ਚੁਣੌਤੀ ਬਣੀ ਰਹੇਗੀ। ਇਸ ਤੋਂ ਇਲਾਵਾ, ਪਾਕਿਸਤਾਨ ਨਸ਼ਿਆਂ ਦੀ ਸਪਲਾਈ ਦੇ ਨਵੇਕਲੇ ਢੰਗਾਂ ਦੀ ਵਰਤੋਂ ਕਰ ਰਿਹਾ ਹੈ, ਪਰ ਸਾਡੀ ਫੌਜ ਇਸ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੁਲਸ ਵੱਲੋਂ ਸਾਰੇ ਯਤਨ ਕੀਤੇ ਜਾ ਰਹੇ ਹਨ। ਬੀ. ਐਸ. ਐਫ ਦੇ ਸਾਬਕਾ ਡੀ. ਆਈ. ਜੀ ਆਰ. ਕੇ. ਭਾਰਗਵ ਨੇ ਕਿਹਾ ਕਿ 1980 ਤੋਂ ਬਾਅਦ ਪਾਕਿਸਤਾਨ ਪੰਜਾਬ ਰਾਜ ਦੇ ਫਿਰਕਿਆਂ ਨੂੰ ਵੰਡਣ ਲਈ ਪੰਜਾਬ ਵਿੱਚ ਅੱਤਵਾਦ ਨੂੰ ਸ਼ੈਅ ਦੇ ਰਿਹਾ ਹੈ, ਪਰ ਭਾਰਤੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਸ ਨੇ ਉਸ ਦੇ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕੀਤਾ ਹੈ।

Babita

This news is Content Editor Babita