ਡੀ. ਜੀ. ਪੀ. ਦੇ ਬਿਆਨ ''ਤੇ ਗਿਆਨੀ ਪਿੰਦਰ ਪਾਲ ਸਿੰਘ ਦਾ ਜਵਾਬ

02/24/2020 6:52:32 PM

ਅਜਨਾਲਾ : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਪੈਦਾ ਹੋਇਆ ਰੋਸ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਿੱਖਾਂ ਦੇ ਧਾਰਮਿਕ ਆਗੂਆਂ ਵਲੋਂ ਵੀ ਇਸ ਬਿਆਨ 'ਤੇ ਸਖਤ ਰੋਸ ਪ੍ਰਗਟ ਕੀਤਾ ਜਾ ਰਿਹਾ। ਪੰਥਕ ਵਿਦਵਾਨ ਅਤੇ ਪ੍ਰਸਿੱਧ ਪ੍ਰਚਾਰਕ ਗਿਆਨੀ ਪਿੰਦਰ ਪਾਲ ਸਿੰਘ ਵਲੋਂ ਵੀ ਇਸ ਬਿਆਨ ਨੂੰ ਬੇਬੁਨਿਆਦ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਹਾਸੋਹੀਣਾ ਹੈ। ਕੋਈ ਵੀ ਬੰਦਾ 6 ਘੰਟਿਆਂ ਵਿਚ ਅੱਤਵਾਦੀ ਕਿਵੇਂ ਬਣ ਸਕਦਾ ਹੈ? ਗੁਰੂ ਨਾਨਕ ਦਾ ਘਰ ਕਰਤਾਰਪੁਰ ਕਿਸੇ ਨੂੰ ਅੱਤਵਾਦੀ ਨਹੀਂ ਬਣਾਉਂਦਾ। ਸਗੋਂ ਹੱਕਾਂ ਦੀ ਰਾਖੀ ਕਰਨਾ ਸਿਖਾਉਂਦਾ  ਹੈ। 

ਦੱਸਣਯੋਗ ਹੈ ਕਿ ਕਰਤਾਪੁਰ ਸਾਹਿਬ ਦੇ ਲਾਂਘੇ 'ਤੇ ਪਾਸਪੋਰਟ ਦੀ ਸ਼ਰਤ ਹਟਾਏ ਜਾਣ ਦੀ ਪਾਕਿਸਤਾਨ ਦੀ ਮਨਸ਼ਾ 'ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਜੇਕਰ ਪਾਸਪੋਰਟ ਦੀ ਸ਼ਰਤ ਹੱਟਦੀ ਹੈ ਤਾਂ ਇਸ ਨਾਲ ਖਤਰਾ ਹੋਰ ਵਧੇਗਾ। ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਗੁਪਤਾ ਨੇ ਦਾਅਵਾ ਕੀਤਾ ਕਿ ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ 'ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈ. ਈ. ਡੀ. ਬਣਾਉਣਾ ਸਿਖਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲੇ ਤੱਕ ਲਾਂਘਾ ਨਾ ਖੋਲ੍ਹਣ ਦੇ ਕੁਝ ਕਾਰਨ ਸਨ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਵਿਚ ਅਧਾਰਤ ਕੁਝ ਤੱਤ ਸ਼ਰਧਾਲੂਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਡੀ. ਜੀ. ਪੀ. ਦੇ ਇਸ ਬਿਆਨ ਤੋਂ ਚੁਫੇਰਿਓਂ ਉਨ੍ਹਾਂ ਦੀ ਨਿੰਦਾ ਹੋ ਰਹੀ ਸੀ, ਭਾਵੇਂ ਡੀ. ਜੀ. ਪੀ. ਨੇ ਇਸ ਬਿਆਨ 'ਤੇ ਮੁਆਫੀ ਮੰਗ ਲਈ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਤਲਬ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਬਾਵਜੂਦ ਇਸ ਦੇ ਰੋਸ ਬਰਕਰਾਰ ਹੈ।

Gurminder Singh

This news is Content Editor Gurminder Singh