16 ਮਾਰਚ ਤੋਂ ਬੰਦ ਪਏ ਕਰਤਾਰਪੁਰ ਸਾਹਿਬ ਕੋਰੀਡੋਰ ਕਾਰਣ ਕੇਂਦਰ ਸਰਕਾਰ ਤੋਂ ਬੇਹੱਦ ਖਫ਼ਾ ਹਨ ਸ਼ਰਧਾਲੂ

11/10/2020 2:25:42 PM

ਗੁਰਦਾਸਪੁਰ (ਹਰਮਨ) : ਕਈ ਸਾਲਾਂ ਦੀ ਲੰਮੀ ਉਡੀਕ ਅਤੇ ਸੰਗਤ ਵੱਲੋਂ 18 ਸਾਲਾਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਬਾਅਦ ਬੇਸ਼ੱਕ ਪਿਛਲੇ ਸਾਲ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਸ਼ੁਰੂ ਹੋਣ ਕਾਰਣ ਲੱਖਾਂ ਸਿੱਖ ਸੰਗਤਾਂ ਨੇ ਰਾਹਤ ਮਹਿਸੂਸ ਕੀਤੀ ਸੀ। ਸਿਰਫ਼ 128 ਦਿਨ ਚੱਲਣ ਦੇ ਬਾਅਦ ਮੁੜ 16 ਮਾਰਚ ਤੋਂ ਬੰਦ ਪਿਆ ਇਹ ਕੋਰੀਡੋਰ ਨਾ ਸਿਰਫ਼ ਸੰਗਤ ਦੀ ਨਿਰਾਸ਼ਾ ਦਾ ਕਾਰਣ ਬਣ ਰਿਹਾ ਹੈ ਸਗੋਂ ਕੋਰੀਡੋਰ ਨੂੰ ਦੁਬਾਰਾ ਸ਼ੁਰੂ ਕਰਨ 'ਚ ਕੇਂਦਰ ਸਰਕਾਰ ਵੱਲੋਂ ਧਾਰੀ ਚੁੱਪ ਕਾਰਨ ਸੰਗਤ ਦੇ ਮਨਾਂ 'ਚ ਕੇਂਦਰ ਸਰਕਾਰ ਪ੍ਰਤੀ ਰੋਸ ਦੀ ਲਹਿਰ ਵੀ ਵਧ ਰਹੀ ਹੈ। ਖ਼ਾਸ ਤੌਰ 'ਤੇ ਹੁਣ ਜਦੋਂ ਇਸ ਕੋਰੀਡੋਰ ਦੇ ਨਿਰਮਾਣ ਅਤੇ ਉਦਘਾਟਨ ਦੀ ਵਰ੍ਹੇਗੰਢ ਆ ਰਹੀ ਹੈ ਅਤੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਗੁਰਪੁਰਬ ਵੀ ਆ ਰਿਹਾ ਹੈ ਤਾਂ ਵੀ ਸੰਗਤ ਲਈ ਇਹ ਕੋਰੀਡੋਰ ਨਾ ਖੋਲ੍ਹੇ ਜਾਣ ਕਾਰਨ ਸੰਗਤ ਦਾ ਗੁੱਸਾ ਸਿਖ਼ਰ 'ਤੇ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੰਤਰੀਆਂ ਦੀ ਲੋਕਾਂ ਨੂੰ ਸੁਰੱਖਿਅਤ ਤਿਉਹਾਰ ਮਨਾਉਣ ਦੀ ਅਪੀਲ

ਸਿਰਫ਼ 128 ਦਿਨ ਹੀ ਚਲਿਆ ਕੋਰੀਡੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਅਤੇ ਪੰਜਾਬ ਨਾਲ ਸਬੰਧਤ ਉੱਘੀਆਂ ਹਸਤੀਆਂ ਦੀ ਮੌਜੂਦਗੀ 'ਚ ਪਿਛਲੇ ਸਾਲ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕੀਤਾ ਸੀ ਜਿਸ ਦੇ ਬਾਅਦ 128 ਦਿਨ ਸੰਗਤ ਨੇ ਇਸ ਕੋਰੀਡੋਰ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ। ਕਰੋਨਾ ਵਾਇਰਸ ਦੇ ਕਹਿਰ ਕਾਰਨ 16 ਮਾਰਚ ਦੇ ਬਾਅਦ ਹੁਣ ਤੱਕ ਇਹ ਕੋਰੀਡੋਰ ਲਗਾਤਾਰ ਬੰਦ ਰਿਹਾ ਹੈ। ਹੁਣ ਜਦੋਂ ਕੋਰੋਨਾ ਦਾ ਕਹਿਰ ਕੁਝ ਘੱਟ ਹੋ ਚੁੱਕਾ ਹੈ ਅਤੇ ਪਾਕਿਸਤਾਨ ਵੱਲੋਂ ਵੀ ਇਸ ਕੋਰੀਡੋਰ ਨੂੰ ਖੋਲ੍ਹਣ ਸਬੰਧੀ ਹਰੀ ਝੰਡੀ ਦਿੱਤੀ ਜਾ ਚੁੱਕੀ ਹੈ ਤਾਂ ਵੀ ਭਾਰਤ ਸਰਕਾਰ ਵੱਲੋਂ ਇਸ ਕੋਰੀਡੋਰ ਨੂੰ ਸ਼ੁਰੂ ਨਾ ਕੀਤੇ ਜਾਣ ਕਾਰਣ ਜਿਥੇ ਸੰਗਤ ਅੰਦਰ ਰੋਸ ਪਾਇਆ ਜਾ ਰਿਹਾ ਹੈ, ਉਥੇ ਅਕਾਲੀ ਦਲ ਸਮੇਤ ਹੋਰ ਕਈ ਸਿਆਸੀ ਤੇ ਧਾਰਮਿਕ ਪਾਰਟੀਆਂ ਦੇ ਆਗੂ ਵੀ ਇਥੇ ਪਹੁੰਚ ਕੇ ਅਰਦਾਸ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਦੇ ਬਾਵਜੂਦ ਸੰਗਤਾਂ ਦੀ ਆਸਥਾ ਨਾਲ ਜੁੜੇ ਇਸ ਕੋਰੀਡੋਰ ਨੂੰ ਚਾਲੂ ਕਰਨ ਲਈ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਬਾਦਲ ਧੜਾ ਆਪਣੀ ਜ਼ਮੀਰ ਨੂੰ ਜਗਾਵੇ, ਗੋਲਕ ਦੀ ਅੰਨ੍ਹੀ ਲੁੱਟ 'ਤੇ ਖੋਲ੍ਹੇ ਜ਼ੁਬਾਨ : ਹਰਪ੍ਰੀਤ ਸਿੰਘ ਬੰਨੀ

128 ਦਿਨਾਂ 'ਚ 62 ਹਜਾਰ 774 ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਪ੍ਰਾਪਤ ਵੇਰਵਿਆਂ ਅਨੁਸਾਰ ਹੁਣ ਤੱਕ ਇਸ ਕੋਰੀਡੋਰ ਰਾਹੀਂ ਕਰੀਬ 62 ਹਜ਼ਾਰ 774 ਸ਼ਰਧਾਲੂ ਇਸ ਕੋਰੀਡੋਰ ਰਾਹੀਂ ਪਾਕਿਸਤਾਨ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ 'ਤੇ ਨਤਮਸਤਕ ਹੋ ਚੁੱਕੇ ਹਨ। ਕੋਰੀਡੋਰ ਸ਼ੁਰੂ ਹੋਣ ਦੇ ਬਾਅਦ ਸੰਗਤ ਨੇ ਲਗਾਤਾਰ ਪਾਕਿਸਤਾਨ ਜਾਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਅਤੇ ਕਈ ਲੋਕ ਪਾਸਪੋਰਟ ਦੀ ਸ਼ਰਤ ਖ਼ਤਮ ਹੋਣ ਦੀ ਉਡੀਕ ਵਿਚ ਸਨ। ਉਸ ਤੋਂ ਪਹਿਲਾਂ ਇਸ ਕੋਰੀਡੋਰ ਦੇ ਹੀ ਬੰਦ ਹੋਣ ਕਾਰਨ ਸੰਗਤ ਦੇ ਮਨਾਂ 'ਚ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ 'ਤੇ ਨਤਮਸਤਕ ਹੋਣ ਦੀ ਤਾਂਘ ਪੂਰੀ ਨਹੀਂ ਹੋ ਸਕੀ।

ਦਰਸ਼ਨੀ ਸਥਲ 'ਤੇ ਪਹੁੰਚ ਰਹੀ ਹੈ ਸੰਗਤ
ਕੋਰੀਡੋਰ ਬੰਦ ਹੋਣ ਕਾਰਣ ਸੰਗਤ ਨੇ ਮੁੜ ਸਰਹੱਦ 'ਤੇ ਬਣੇ ਦਰਸ਼ਨੀ ਸਥਲ 'ਤੇ ਪਹੁੰਚ ਕੇ ਦੂਰੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਤਕਰੀਬਨ ਰੋਜ਼ਾਨਾ ਹੀ ਇਸ ਸਥਾਨ 'ਤੇ ਸੰਗਤ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਜਾ ਰਹੀ ਹੈ ਅਤੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਕੋਰੀਡੋਰ ਨੂੰ ਖੋਲਣ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਸਰਕਾਰ ਨੂੰ ਕੋਸਦੀ ਦਿਖਾਈ ਦਿੰਦੀ ਹੈ।

ਇਹ ਵੀ ਪੜ੍ਹੋ : ਖ਼ੁਫੀਆ ਏਜੰਸੀ ਵਲੋਂ ਫੜੇ ਮਹਿੰਗੇ ਵਿਦੇਸ਼ੀ ਪੰਛੀ ਬਣਨਗੇ ਪੰਜਾਬ ਦੀ 'ਸ਼ਾਨ'

Anuradha

This news is Content Editor Anuradha