ਹਲਕੇ 'ਚ ਕਰਵਾਏ ਹਨ ਵਿਕਾਸ ਕੰਮ ਤਾਂ ਹੀ ਲੋਕਾਂ ਨੇ ਦਿੱਤਾ ਸੇਵਾ ਦਾ ਮੌਕਾ: ਰਾਣਾ ਗੁਰਜੀਤ

06/03/2020 8:46:37 AM

ਕਪੂਰਥਲਾ, (ਮੱਲ੍ਹੀ)- ਵਿਕਾਸ ਦੀਆਂ ਗੱਲਾਂ ਕਰਨ ਵਾਲੇ ਪਹਿਲੇ ਦਸ ਸਾਲ ਦੇ ਅਕਾਲੀ ਭਾਜਪਾ ਗਠਜੋੜ ਸਰਕਾਰ ਦਾ ਲੇਖਾ ਜੋਖਾ ਪੇਸ਼ ਕਰੇ ਤਾਂ ਜੋ ਜਨਤਾ ਸੱਚ ਝੂਠ ਦੀ ਤੁਲਨਾ ਚੰਗੀ ਤਰ੍ਹਾਂ ਕਰ ਸਕੇ। ਉਕਤ ਸ਼ਬਦ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੀ ਗਈ ਬਿਆਨਬਾਜ਼ੀ 'ਤੇ ਆਯੋਜਿਤ ਪ੍ਰੈੱਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਕਹੇ। ਵਿਧਾਇਕ ਰਾਣਾ ਨੇ ਕਿਹਾ ਕਿ ਜੇਕਰ ਵਿਧਾਨ ਸਭਾ ਹਲਕੇ 'ਚ ਵਿਕਾਸ ਨਾ ਹੁੰਦਾ ਤਾਂ ਉਨ੍ਹਾਂ ਨੂੰ ਵਾਰ-ਵਾਰ ਵਿਧਾਇਕ ਦੀ ਸੇਵਾ ਨਾ ਮਿਲਦੀ। ਉਨ੍ਹਾਂ ਦੱਸਿਆ ਕਿ ਕਾਲਾ ਸੰਘਿਆਂ ਰੋਡ, ਕਰਤਾਰਪੁਰ ਰੋਡ ਤੋਂ ਇਲਾਵਾ ਸ਼ਹਿਰ ਨਾਲ ਜੁੜਨ ਵਾਲੀ ਮੁੱਖ ਸੜਕਾਂ ਨੂੰ ਨਵਾਂ ਰੂਪ ਕਾਂਗਰਸ ਸਰਕਾਰ ਨੇ ਦਿੱਤਾ ਹੈ।
ਰਾਣਾ ਨੇ ਕਿਹਾ ਕਿ ਜਲਦ 12 ਕਰੋੜ ਦੇ ਵਿਕਾਸ ਕੰਮ ਸ਼ੁਰੂ ਹੋ ਜਾਣਗੇ ਤੇ ਵਿਧਾਨ ਸਭਾ ਹਲਕੇ ਦੇ ਹਰੇਕ ਸਥਾਨ 'ਤੇ ਬੁਨਿਆਦੀ ਸਹੂਲਤਾਂ ਦੀ ਪੂਰਤੀ ਹੋਵੇਗੀ, ਜਿਸ 'ਚ ਸੜਕਾ, ਸੀਵਰੇਜ਼ ਸਿਸਟਮ, ਸਟ੍ਰੀਟ ਲਾਈਟਾਂ, ਪੀਣ ਵਾਲਾ ਪਾਣੀ ਤੇ ਹੋਰ ਸਹੂਲਤਾਂ ਜਨਤਾ ਨੂੰ ਪ੍ਰਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਕਪੂਰਥਲਾ ਸ਼ਹਿਰ 'ਚ ਪਹਿਲੀ ਚੋਣ ਲੜੀ ਸੀ, ਉਦੋਂ 16 ਪਾਣੀ ਦੇ ਪੰਪ ਸਨ, ਜਿਸਦੀ ਗਿਣਤੀ ਨੂੰ ਵਧਾ ਕੇ 27 ਕਰਨ ਤੋਂ ਬਾਅਦ 32 ਕਰ ਦਿੱਤੀ ਹੈ ਤੇ ਹੁਣ 4 ਨਵੇਂ ਵਾਟਰ ਪੰਪ ਸਥਾਪਿਤ ਕੀਤੇ ਜਾ ਰਹੇ ਹਨ।
ਵਿਕਾਸ ਦੀ ਗੱਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣੀ ਸਰਕਾਰ ਦੇ ਸਮੇਂ ਸ਼ਹਿਰ ਦੇ ਸ਼ੇਖੂਪੁਰ ਖੇਤਰ ਨੂੰ ਪੂਰੇ 10 ਸਾਲਾਂ 'ਚ ਸੀਵਰੇਜ਼ ਸਿਸਟਮ ਮੁਹੱਈਆ ਨਹੀਂ ਕਰਵਾ ਸਕੇ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਆਗੂਆਂ ਨੂੰ ਜਵਾਬ ਦਿੰਦੇ ਹੋਏ ਰਾਣਾ ਨੇ ਕਿਹਾ ਕਿ ਉਨ੍ਹਾਂ ਆਪਣੀ ਜੇਬ 'ਚੋਂ 84 ਲੱਖ ਰੁਪਏ ਖਰਚ ਕਰਕੇ ਸੈਨੀਟਾਈਜੇਸ਼ਨ ਮੁਹਿੰਮ ਚਲਾਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਆਗੂਆਂ ਨੇ ਕੋਵਿਡ-19 ਦੀ ਮਹਾਮਾਰੀ 'ਚ ਸਿਰਫ ਖਾਨਾ ਪੂਰਤੀ ਕੀਤੀ ਹੈ। ਹਲਕੇ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਸੱਚ ਤੇ ਝੂਠ ਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਝੂਠੀ ਤੇ ਗੁੰਮਰਾਹਪੂਰਨ ਬਿਆਨਬਾਜ਼ੀ ਨਾਲ ਜਨਤਾ ਕਦੇ ਵੀ ਨਹੀਂ ਭਟਕੇਗੀ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਰਜਿੰਦਰ ਕੌੜਾ, ਸਾਬਕਾ ਕੌਂਸਲਰ ਨਰਿੰਦਰ ਮਨਸੂ, ਸਾਬਕਾ ਕੌਂਸਲਰ ਸੁਰਿੰਦਰਪਾਲ ਸਿੰਘ ਖਾਲਸਾ, ਕਾਂਗਰਸ ਆਗੂ ਵਿਸ਼ਾਲ ਸੋਨੀ, ਵਿਕਾਸ ਸ਼ਰਮਾ, ਯੁਵਾ ਕਾਂਗਰਸ ਪ੍ਰਧਾਨ ਕਰਨ ਮਹਾਜਨ, ਬਲਾਕ ਕਾਂਗਰਸ ਸਾਬਕਾ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਆਦਿ ਹਾਜ਼ਰ ਸਨ।


Bharat Thapa

Content Editor

Related News