ਵਿਕਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੱਗੀਆਂ ''ਬਰੇਕਾਂ''

07/20/2017 7:14:22 AM

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ 6 ਸਾਲ ਪਹਿਲਾਂ ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਮੋਗਾ ਦੇ ਵਸਨੀਕਾਂ ਨੂੰ ਇਹ ਆਸ ਬੱਝੀ ਸੀ ਕਿ ਸ਼ਹਿਰ ਦਾ ਹੁਣ ਸਰਬਪੱਖੀ ਵਿਕਾਸ ਹੋ ਕੇ ਸ਼ਹਿਰ ਨੂੰ ਨਵੀਂ ਦਿਸ਼ਾ ਮਿਲੇਗੀ ਪਰ ਦੂਜੇ ਪਾਸੇ ਢਾਈ ਸਾਲ ਪਹਿਲਾਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਮਗਰੋਂ ਹੋਂਦ ਵਿਚ ਆਈ ਨਿਗਮ ਦੀ ਟੀਮ ਦੀ ਆਪਸੀ ਸੁਰ ਨਾ ਮਿਲਦੀ ਹੋਣ ਕਾਰਨ ਵਿਕਾਸ ਦਾ ਪਹੀਆ ਅਜੇ ਤੱਕ ਤੁਰ ਨਹੀਂ ਸਕਿਆ, ਜਦਕਿ ਨਿਗਮ ਦੀ ਚੁਣੀ ਟੀਮ ਦਾ ਅੱਧੇ ਦੇ ਲਗਭਗ ਸਮਾਂ ਮੁਕੰਮਲ ਹੋ ਚੁੱਕਾ ਹੈ।
ਦੂਜੇ ਪਾਸੇ ਸ਼ਹਿਰ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਪਿਛਲੇ 9 ਮਹੀਨਿਆਂ ਤੋਂ ਨਿਗਮ ਹਾਊਸ ਦੀ ਮੀਟਿੰਗ ਨਾ ਹੋਣ ਕਰ ਕੇ ਮਰਨ ਵਰਤ ਅਤੇ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਕੌਂਸਲਰਾਂ ਦੀ ਮੰਗ 'ਤੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਮੇਅਰ ਅਕਸ਼ਿਤ ਜੈਨ ਨੇ ਬੀਤੇ ਦਿਨੀਂ ਕੌਂਸਲਰਾਂ ਦਾ ਮਰਨ ਵਰਤ ਤੁੜਵਾ ਕੇ ਅੱਜ 19 ਜੁਲਾਈ ਨੂੰ ਹਾਊਸ ਦੀ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਪਰ 3 ਦਿਨ ਪਹਿਲਾਂ ਨਿਗਮ ਕਮਿਸ਼ਨਰ ਦੇ ਹੋਏ ਤਬਾਦਲੇ ਕਾਰਨ ਅੱਜ ਐਨ ਮੌਕੇ 'ਤੇ ਨਿਗਮ ਹਾਊਸ ਦੀ ਸ਼ਾਮ 3 ਵਜੇ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ। ਉਂਝ ਤਾਂ ਕਮਿਸ਼ਨਰ ਦੀ ਤਾਇਨਾਤੀ ਤਾਂ ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਪਰ ਉਨ੍ਹਾਂ ਨੇ ਅਜੇ ਆਪਣਾ ਚਾਰਜ ਸੰਭਾਲਣਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹੁਣ ਤੱਕ ਨਿਗਮ ਦੇ ਕੁਲ 16 ਕਮਿਸ਼ਨਰ ਬਦਲ ਚੁੱਕੇ ਹਨ ਅਤੇ ਬੀਤੇ 45 ਦਿਨਾਂ ਦੌਰਾਨ ਤਾਂ 5 ਨਿਗਮ ਕਮਿਸ਼ਨਰਾਂ ਦਾ ਤਬਾਦਲਾ ਹੋ ਚੁੱਕਾ ਹੈ, ਜਿਸ ਕਾਰਨ ਨਿਗਮ ਦੇ ਹਾਊਸ ਦੀ ਮੀਟਿੰਗ ਸਮੇਤ ਹੋਰ ਕੰਮ ਕਮਿਸ਼ਨਰ ਦੇ ਲੰਮਾ ਸਮਾਂ ਨਾ ਟਿਕਣ ਕਰ ਕੇ ਅਧੂਰੇ ਪਏ ਹਨ। ਸੂਤਰ ਨੇ ਤਾਂ ਇਸ ਗੱਲ ਨੂੰ ਵੀ ਬੇਪਰਦ ਕੀਤਾ ਹੈ ਕਿ ਮੋਗਾ ਨਿਗਮ ਪੰਜਾਬ ਦੇ ਨਿਗਮਾਂ 'ਚੋਂ ਇਕ ਅਜਿਹਾ ਨਿਗਮ ਬਣ ਗਿਆ ਹੈ, ਜਿੱਥੇ ਮੇਅਰ ਅਤੇ ਵਿਰੋਧੀ ਧੜੇ ਦੀ ਆਪਸੀ ਕਥਿਤ ਕਸ਼ਮਕਸ਼ ਕਰ ਕੇ ਕੋਈ ਵੀ ਕਮਿਸ਼ਨਰ ਇੱਥੇ ਅਫਸਰ ਲੱਗਣ ਨੂੰ ਹੀ ਤਿਆਰ ਨਹੀਂ ਹੈ, ਜਿਸ ਕਰ ਕੇ ਨਵੀਂ ਕਾਂਗਰਸ ਹਕੂਮਤ ਆਉਣ ਮਗਰੋਂ ਵੀ ਜਲਦੀ-ਜਲਦੀ ਕਮਿਸ਼ਨਰਾਂ ਦਾ ਤਬਾਦਲਾ ਹੋਇਆ ਹੈ।