ਸ਼ਾਹਕੋਟ ਦੇ ਵਿਕਾਸ ਲਈ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸ਼ੇਰੋਵਾਲੀਆ

02/16/2018 4:38:49 AM

ਸ਼ਾਹਕੋਟ, (ਮਰਵਾਹਾ, ਤ੍ਰੇਹਨ)- ਵਿਧਾਨ ਸਭਾ ਤੇ ਨਗਰ ਪੰਚਾਇਤ ਚੋਣਾਂ ਦੌਰਾਨ ਜੋ ਵਾਅਦੇ ਅਸੀਂ ਲੋਕਾਂ ਨਾਲ ਕੀਤੇ ਸਨ ਉਹ ਹਰ ਹਾਲਤ 'ਚ ਪੂਰੇ ਕੀਤੇ ਜਾਣਗੇ। ਕਸਬੇ ਦਾ ਕਾਇਆਕਲਪ ਕਰਨ ਲਈ ਕਾਂਗਰਸ ਸਰਕਾਰ ਵਚਨਬੱਧ ਹੈ।  ਪਿਛਲੀ ਅਕਾਲੀ-ਭਾਜਪਾ ਵੱਲੋਂ ਅਧੂਰੇ ਛੱਡੇ ਹੋਏ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਪਹਿਲਾਂ ਹੀ ਬੜੀ ਤੇਜ਼ੀ ਨਾਲ ਕੰਮ ਜਾਰੀ ਹੈ। ਇਸਦੇ ਨਾਲ ਹੀ ਵਿਕਾਸ ਦੇ ਨਵੇਂ ਕੰਮ ਵੀ ਸ਼ੁਰੂ ਕੀਤੇ ਗਏ ਹਨ। ਸ਼ਾਹਕੋਟ ਦੇ ਵਿਕਾਸ ਲਈ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਲ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਨੇ ਸ਼ਾਹਕੋਟ ਦੇ ਵਿਕਾਸ ਕਾਰਜਾਂ ਲਈ ਸਾਢੇ 9 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਹੋਈ ਹੈ, ਜਿਸ ਵਿਚੋਂ ਕਾਫੀ ਰਕਮ ਆ ਵੀ ਚੁੱਕੀ ਹੈ। ਇਹ ਸ਼ਬਦ ਕਾਂਗਰਸ ਦੇ ਹਲਕਾ ਇੰਚਾਰਜ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅੱਜ ਦੁਪਹਿਰ ਸਥਾਨਕ ਨਗਰ ਪੰਚਾਇਤ ਦਫ਼ਤਰ ਵਿਖੇ ਨਵੇਂ ਖਰੀਦੇ ਗਏ ਟਰੈਕਟਰ ਦੀਆਂ ਚਾਬੀਆਂ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ਰਿਹਾਨ ਅਤੇ ਕਾਰਜ ਸਾਧਕ ਅਫਸਰ ਦੇਸ ਰਾਜ ਦੁੱਗਲ ਨੂੰ ਸੌਂਪਣ ਮੌਕੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹਏ ਕਹੇ। 
ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਸਤੀਸ਼ ਰਿਹਾਨ ਅਤੇ ਕਾਰਜ ਸਾਧਕ ਅਫਸਰ ਦੇਸ ਰਾਜ ਦੁੱਗਲ ਨੇ ਦੱਸਿਆ ਕਿ ਇਹ ਟਰੈਕਟਰ ਪੰਜਾਬ ਸਰਕਾਰ ਵੱਲੋਂ ਅਰਬਨ ਮਿਸ਼ਨ ਤਹਿਤ ਮਿਲੀ 5 ਲੱਖ 28 ਹਜ਼ਾਰ ਰੁਪਏ ਦੀ ਗਰਾਂਟ ਨਾਲ ਖਰੀਦਿਆ ਗਿਆ ਹੈ। ਨਵੇਂ ਟਰੈਕਟਰ ਦੇ ਆ ਜਾਣ ਨਾਲ ਨਗਰ ਪੰਚਾਇਤ ਦੇ ਕਰਮਚਾਰੀ ਤੇਜ਼ੀ ਨਾਲ ਕੰਮ ਕਰ ਸਕਣਗੇ। ਸਮਾਗਮ 'ਚ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਵਿਕਰਮਜੀਤ ਸਿੰਘ ਬਜਾਜ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਮੌਜੂਦਾ ਕੌਂਸਲਰ ਗੁਲਜ਼ਾਰ ਸਿੰਘ ਥਿੰਦ, ਕਮਲ ਨਾਹਰ, ਪ੍ਰਵੀਨ ਗਰੋਵਰ ਬੌਬੀ , ਰਿਟਾਇਰਡ ਐੱਸ. ਡੀ. ਓ. ਪਰਮਜੀਤ ਗੋਗੀਆ, ਕੌਂਸਲਰ ਪਵਨ ਕੁਮਾਰ ਅਗਰਵਾਲ, ਬੂਟਾ ਸਿੰਘ ਕਲਸੀ, ਪ੍ਰਮੁੱਖ ਕਾਂਗਰਸੀ ਆਗੂ ਵਿਨੋਦ ਉਪਲ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਵਿਕਾਸ ਨਾਹਰ, ਸੁੱਖਾ ਢੇਸੀ, ਰੋਮੀ ਗਿੱਲ, ਸਾਬਕਾ ਕੌਂਸਲਰ ਤਾਰਾ ਚੰਦ, ਕੌਂਸਲਰ ਰਾਜ ਕੁਮਾਰ ਰਾਜੂ, ਬੰਟੀ ਬੱਠਲਾ, ਮਾਸਟਰ ਵਾਸਦੇਵ ਕੰਵਲ, ਪਵਨ ਜੁਨੇਜਾ,  ਲਛਮਣ ਸੋਬਤੀ, ਸੁਰਿੰਦਰ ਸਿੰਘ ਵਿਰਦੀ, ਅਨੂਪ ਜੈਨ, ਤਰਸੇਮ ਵਡੇਹਰਾ, ਟਿੰਪੀ ਕੁਮਰਾ, ਨਗਰ ਪੰਚਾਇਤ ਦੇ ਸਹਾਇਕ ਮਨਦੀਪ ਸਿੰਘ ਕੋਟਲੀ ਅਤੇ ਗੋਰਾ ਗਿੱਲ ਆਦਿ ਮੌਜੂਦ ਸਨ।