ਡੇਢ ਕਰੋੜ ਦੀ ਲਾਗਤ ਨਾਲ ਬਣਿਆ ਵਾਟਰ ਵਰਕਸ ਕਰੀਬ ਅੱਧੇ ਸਾਲ ਤੋਂ ਬੰਦ, ਲੋਕ ਪ੍ਰੇਸ਼ਾਨ

03/30/2018 3:30:03 AM

ਭਗਤਾ ਭਾਈ(ਢਿੱਲੋਂ)- ਵਿਸ਼ਵ ਬੈਂਕ ਦੀ ਸਹਾਇਤਾ ਨਾਲ ਤਿਆਰ ਕੀਤੀ ਜਲ ਸਪਲਾਈ ਸਕੀਮ ਪਿੰਡ ਸਿਰੀਏ ਵਾਲਾ ਬਲਾਕ ਭਗਤਾ ਭਾਈ ਜ਼ਿਲਾ ਬਠਿੰਡਾ ਤਖਮੀਨੇ ਦੀ ਲਾਗਤ 147.59 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਸੀ। ਇਸ ਵਾਟਰ ਵਰਕਸ ਦੀ ਹਾਲਤ ਵੈਸੇ ਤਾਂ ਪਹਿਲੇ ਦਿਨ ਤੋਂ ਹੀ ਮਾੜੀ ਰਹੀ ਹੈ। ਪਿੰਡ ਵਾਸੀਆਂ ਦੀ ਮੰਨੀਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਵਾਟਰ ਵਰਕਸ ਦਾ ਪਾਣੀ ਉੱਪਰ ਟੈਂਕੀਆਂ ਵਿਚ ਨਹੀਂ ਤਾਂ ਘੱਟੋ-ਘੱਟ 5-7 ਫੁੱਟ ਤੱਕ ਤਾਂ ਪਹੁੰਚਣਾ ਹੀ ਚਾਹੀਦਾ ਹੈ ਪਰ ਪਾਣੀ ਪਹਿਲੀ ਗੱਲ ਤਾਂ ਆਉਂਦਾ ਹੀ ਨਹੀਂ, ਜੇ ਆਉਂਦਾ ਹੈ ਤਾਂ ਧਰਤੀ ਵਿਚ ਟੋਏ ਪੁੱਟ ਕੇ ਭੱਠਲਾਂ ਵਿਚ ਹੀ ਲੋਕਾਂ ਨੂੰ ਪਾਣੀ ਭਰਨਾ ਪੈਂਦਾ ਹੈ। ਹੁਣ ਇਹ ਵਾਟਰ ਵਰਕਸ ਕਰੀਬ ਅੱਧੇ ਸਾਲ ਤੋਂ ਪੂਰੀ ਤਰ੍ਹਾਂ ਨਾਲ ਬੰਦ ਹੋਇਆ ਪਿਆ ਹੈ ਕਿਉਂਕਿ ਬਿਜਲੀ ਮਹਿਕਮੇ ਨੇ ਬਿੱਲ ਦੀ ਰਕਮ ਜ਼ਿਆਦਾ ਹੋਣ ਕਾਰਨ ਇਸ ਵਾਟਰ ਵਰਕਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਸੀ। 
ਕੀ ਕਹਿਣਾ ਹੈ ਸਮਾਜ ਸੇਵਕ ਦਾ 
ਇਸ ਸਬੰਧ ਵਿਚ ਸਟੇਟ ਐਵਾਰਡੀ ਵਾਤਾਵਰਣ ਪ੍ਰੇਮੀ ਗੁਰਤੇਜ ਸਿੰਘ ਚਾਨੀ ਨੇ ਕਿਹਾ ਕਿ ਵਾਟਰ ਵਰਕਸ ਬਣਨ ਸਮੇਂ ਹੀ ਇਸਦਾ ਮੁੱਢ ਸਹੀ ਨਹੀਂ ਬੱਝਿਆ। ਵਾਟਰ ਵਰਕਸ ਮਹਿਕਮੇ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਲੋਡ ਅਨੁਸਾਰ ਕੀ ਪਿੰਡ ਵਿਚ ਪਾਈ ਪਾਈਪ ਲਾਈਨ ਸਹੀ ਤਰੀਕੇ ਨਾਲ ਸਹੀ ਹੈ, ਕੀ ਪਾਈਪਾਂ ਦਾ ਸਾਈਜ਼ ਤੇ ਕੁਆਲਟੀ ਸਹੀ ਹੈ? ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਵਾਟਰ ਵਰਕਸ ਬੰਦ ਹੋਣ ਪਿੱਛੇ ਧਰਨੇ ਲੱਗੇ ਜੋ ਅਸੀਂ ਖੁਦ ਅੱਗੇ ਹੋ ਕੇ ਸਹੀ ਸਪਲਾਈ ਦੇਣ ਦਾ ਵਾਅਦਾ ਕਰ ਕੇ ਹਟਵਾਏ ਪਰ ਪਾਈਪ ਲਾਈਨ ਸਹੀ ਨਾ ਹੋਣ ਕਾਰਨ ਜੇਕਰ ਪਾਣੀ ਪੂਰਾ ਛੱਡਿਆ ਜਾਂਦਾ ਹੈ ਤਾਂ ਪਾਈਪਾਂ ਹੀ ਨਹੀਂ ਝੱਲਦੀਆਂ। ਚਾਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਬਣੀ ਨੂੰ ਸਾਲ ਹੋ ਗਿਆ ਪਹਿਲਾਂ ਤਾਂ ਇਨ੍ਹਾਂ ਨੂੰ ਕੁਨੈਕਸ਼ਨ ਜੋੜਨ ਦਾ ਚੇਤਾ ਨਹੀਂ ਆਇਆ ਹੁਣ ਇਹ ਕੁਨੈਕਸ਼ਨ ਜੋੜਨ ਲੱਗੇ ਨੇ। ਸਿਰਫ ਪੰਚਾਇਤੀ ਚੋਣਾਂ ਨੇੜੇ ਹੋਣ ਕਾਰਨ ਡੁਗਡੁਗੀ ਵਜਾਉਣਾ ਹੀ ਹੈ ਪਰ ਫਿਰ ਵੀ ਸਰਕਾਰ ਦੇ ਸਾਲ ਬਾਅਦ ਲਏ ਇਸ ਫੈਸਲੇ ਨੂੰ ਚੰਗਾ ਕਦਮ ਦੱਸਿਆ। 
ਕੀ ਕਹਿਣਾ ਹੈ ਚੇਅਰਮੈਨ ਅਤੇ ਹੋਰ ਆਗੂਆਂ ਦਾ 
ਸਰਪੰਚ ਅਤੇ ਵਾਟਰ ਵਰਕਸ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਦੀਪ ਕੌਰ ਢਿੱਲੋਂ ,ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਢਿੱਲੋਂ, ਸਾਬਕਾ ਸਰਪੰਚ ਸੁਖਮੰਦਰ ਸਿੰਘ ਭਾਈ ਅਤੇ ਹੋਰ ਆਗੂਆਂ ਨੇ ਕਿਹਾ ਕਿ 7-8 ਮਹੀਨੇ ਹੋ ਗਏ ਵਾਟਰ ਵਰਕਸ ਵਾਲੇ ਆਏ ਸਨ ਤੇ ਉਨ੍ਹਾਂ ਨੇ ਕਿਹਾ ਸੀ ਲੋਕ ਬਿੱਲ ਨਹੀਂ ਭਰਦੇ ਤਾਂ ਅਸੀਂ ਆਪਣੇ ਆਦਮੀ ਨਾਲ ਲਾ ਦਿੰਦੇ ਹਾਂ ਤੇ ਲੋਕਾਂ ਤੋਂ ਬਿੱਲ ਭਰਵਾ ਕੇ ਵਾਟਰ ਵਰਕਸ ਚਾਲੂ ਕਰਵਾ ਦਿੱਤਾ ਜਾਵੇ, ਜਿਸ ਵੇਲੇ ਸਾਡੇ ਕੋਲ ਹਿਸਾਬ ਸੀ ਤਾਂ ਉਸ ਸਮੇਂ 6 ਲੱਖ ਦੇ ਕਰੀਬ ਬਿਜਲੀ ਬਿੱਲ ਬਕਾਇਆ ਸੀ, ਜੋ ਅੱਜ ਵਧ ਕੇ 11 ਲੱਖ ਤੋਂ ਉੱਪਰ ਹੋ ਗਿਆ ਹੈ। 
ਕੀ ਕਹਿਣਾ ਹੈ ਐੱਸ. ਡੀ. ਓ. ਵਾਟਰ ਵਰਕਸ ਵਿਭਾਗ ਦਾ 
ਇਸ ਸਬੰਧ ਵਿਚ ਵਾਟਰ ਵਰਕਸ ਮਹਿਕਮੇ ਦੇ ਐੱਸ. ਡੀ. ਓ. ਤੇਜਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਵੱਲ ਵੱਡੀ ਗਿਣਤੀ ਵਿਚ ਬਿੱਲ ਬਕਾਇਆ ਹਨ, ਨੂੰ ਭਰਿਆ ਜਾਵੇ ਪਰ ਲੋਕਾਂ ਨੇ ਨਾ-ਮਾਤਰ ਹੀ ਬਿੱਲ ਭਰੇ, ਜਿਸ ਕਾਰਨ ਕੁਨੈਕਸ਼ਨ ਕੱਟਿਆ ਗਿਆ। ਹੁਣ ਸਰਕਾਰ ਦੇ ਹੁਕਮਾਂ ਅਨੁਸਾਰ ਬਿਜਲੀ ਮਹਿਕਮੇ ਵੱਲੋਂ ਕੁਨੈਕਸ਼ਨ ਜੋੜਿਆ ਗਿਆ ਹੈ ਜੋ ਕੁਝ ਦਿਨਾਂ ਵਿਚ ਹੀ ਸਾਫ-ਸਫਾਈ ਕਰ ਕੇ ਚਲਾ ਦਿੱਤਾ ਜਾਵੇਗਾ।
ਕੀ ਕਹਿਣਾ ਹੈ ਉੱਘੇ ਸਮਾਜ ਸੇਵੀ ਤੇ ਕਲੱਬ ਆਗੂ ਦਾ 
ਇਸ ਸਬੰਧੀ ਜਦੋਂ ਉੱਘੇ ਸਮਾਜ ਸੇਵੀ ਤੇ ਬਾਬਾ ਵੀਰ ਸਿੰਘ ਸੋਸ਼ਲ ਵੈੱਲਫੇਅਰ ਕਲੱਬ ਦੇ ਸਰਪ੍ਰਸਤ ਯਾਦਵਿੰਦਰ ਸਿੰਘ ਪੱਪੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨੂੰ ਵਾਟਰ ਵਰਕਸ ਬੰਦ ਹੋਣ ਨਾਲ ਬੇਹੱਦ ਪ੍ਰੇਸ਼ਾਨੀ ਹੋਈ ਹੈ ਤੇ ਕੈਪਟਨ ਸਰਕਾਰ ਨੇ ਜੋ ਇਹ ਵਾਟਰ ਵਰਕਸ ਦਾ ਕੁਨੈਕਸ਼ਨ ਜੋੜਣ ਦਾ ਹੁਕਮ ਦਿੱਤਾ ਹੈ ਬਹੁਤ ਵੱਡਾ ਤੇ ਚੰਗਾ ਕੰਮ ਹੈ, ਪਰ ਫਿਰ ਵੀ ਲੋਕਾਂ ਨੂੰ ਬਿੱਲ ਜ਼ਰੂਰ ਭਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਇਸ ਦੀ ਸਪਲਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਮਹਿਕਮੇ ਨੂੰ ਚਾਹੀਦਾ ਹੈ ਕਿ ਇਸ ਦੀ ਫਿਟਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪੱਪੂ ਨੇ ਕਿਹਾ ਕਿ ਅਸੀਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਾਟਰ ਵਰਕਸ ਦੀ ਸਫਾਈ ਕਰ ਰਹੇ ਹਾਂ ਜੋ ਜਲਦੀ ਸਿਰੇ ਚੜ੍ਹ ਜਾਵੇਗੀ।