ਟੂਟੀਆਂ 'ਚੋਂ ਆ ਰਹੇ ਗੰਦੇ ਪਾਣੀ ਕਾਰਨ ਲੋਕ ਹੋ ਰਹੇ ਨੇ ਬੀਮਾਰ

03/14/2018 7:11:44 AM

ਭਦੌੜ(ਰਾਕੇਸ਼)—ਮੁਹੱਲਾ ਗਰੇਵਾਲਾ ਅਤੇ ਸੰਧੂਆਂ ਵਿਖੇ ਕਰੀਬ ਇਕ ਮਹੀਨੇ ਤੋਂ ਪੀਣ ਵਾਲੇ ਪਾਣੀ 'ਚ ਗੰਦਗੀ ਆਉਣ ਤੋਂ ਪ੍ਰੇਸ਼ਾਨ ਲੋਕਾਂ ਨੇ ਸਬੰਧਤ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਇਸ ਗੱਲ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਇਹ ਮਸਲਾ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਅੱਜ ਉਨ੍ਹਾਂ ਨੂੰ ਸੀਵਰੇਜ ਬੋਰਡ ਖਿਲਾਫ ਨਾਅਰੇਬਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਵਿਭਾਗ ਦੀ ਅਣਗਹਿਲੀ ਕਾਰਨ ਉਹ ਗੰਦਾ ਪਾਣੀ ਪੀਣ ਲਈ ਮਜਬੂਰ ਹਨ, ਜਿਸ ਕਾਰਨ ਕਈ ਘਰਾਂ ਦੇ ਲੋਕ ਬੀਮਾਰ ਹੋਏ ਪਏ ਹਨ। ਪਾਣੀ 'ਚ ਗੰਦਗੀ ਆਉਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਕਿਸੇ ਜਗ੍ਹਾ ਤੋਂ ਪੀਣ ਵਾਲੇ ਪਾਣੀ ਦੀ ਪਾਈਪ ਲੀਕ ਹੋ ਰਹੀ ਹੋਵੇ, ਜਿਸ ਵਿਚ ਆਲੇ-ਦੁਆਲੇ ਦੀ ਗੰਦਗੀ ਮਿਕਸ ਹੋ ਰਹੀ ਹੋਵੇਗੀ। ਟੂਟੀਆਂ 'ਚੋਂ ਆ ਰਹੇ ਇਸ ਗੰਦੇ ਪਾਣੀ 'ਚੋਂ ਬਦਬੂ ਮਾਰਦੀ ਹੈ।  ਇਸ ਮੌਕੇ ਬਾਬਾ ਭੋਲਾ ਖਾਂ, ਰਾਜ ਕੁਮਾਰ ਕਲਸੀ, ਸੋਹਣ ਸਿੰਘ ਫੌਜੀ, ਸੁਰਿੰਦਰ ਗਰੇਵਾਲ, ਨਿਯਾਕਤ ਅਲੀ, ਗਫੂਰ ਖਾਂ, ਕੁੱਕੂ ਗਰੇਵਾਲ, ਬਾਬਾ ਵਾਰਸੀ, ਸੀਬੋ ਨੇ ਮੰਗ ਕੀਤੀ ਹੈ ਕਿ ਮੁਹੱਲਾ ਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਜਲਦੀ ਮੁਹੱਈਆ ਕਰਵਾਈ ਜਾਵੇ। 
ਕੀ ਕਹਿਣਾ ਹੈ ਸੀਵਰੇਜ ਬੋਰਡ ਦੇ ਜੇ. ਈ. ਦਾ  : ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਜੇ. ਈ. ਸੁਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਡੇ ਦੱਸਣ 'ਤੇ ਇਹ ਮਾਮਲਾ ਮੇਰੇ ਧਿਆਨ ਵਿਚ ਆਇਆ ਹੈ। ਪਹਿਲਾਂ ਸਾਡੇ ਕੋਲ ਕਿਸੇ ਵੀ ਮੁਹੱਲਾ ਵਾਸੀ ਦੀ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਮੈਂ ਹੁਣੇ ਹੀ ਸੀਵਰੇਜ ਬੋਰਡ ਦੇ ਕਰਮਚਾਰੀ ਭੇਜ ਕੇ ਮਸਲਾ ਹੱਲ ਕਰਵਾ ਦਿੰਦਾ ਹਾਂ।