2 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

03/11/2018 5:18:05 AM

ਮੁੱਲਾਂਪੁਰ ਦਾਖਾ(ਕਾਲੀਆ)-ਪਿਛਲੇ ਦੋ ਦਿਨਾਂ ਤੋਂ ਵਾਟਰ ਸਪਲਾਈ ਟੈਂਕੀ ਦਾ ਬਿਜਲੀ ਬੋਰਡ ਵੱਲੋਂ ਕੁਨੈਕਸ਼ਨ ਕੱਟ ਦਿੱਤੇ ਜਾਣ ਕਾਰਨ ਪਿੰਡ ਰਕਬਾ ਦੇ ਵਾਸੀ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ ਅਤੇ ਅੱਜ ਟੈਂਕੀ 'ਤੇ ਇਕੱਠੇ ਹੋ ਕੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪਾਣੀ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਦੀ ਮੰਗ ਕੀਤੀ। ਸਰਪੰਚ ਭਗਵੰਤ ਸਿੰਘ ਰਕਬਾ, ਪੰਚ ਬਲਵਿੰਦਰ ਸਿੰਘ ਗਾਂਧੀ, ਗੁਰਸੇਵਕ ਸਿੰਘ, ਪਰਮਜੀਤ ਸਿੰਘ ਫੌਜੀ, ਨਿਰਮਲ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਨੀਲਮ ਰਾਣੀ, ਸ਼ਿੰਦਰ ਕੌਰ ਆਦਿ ਪਿੰਡ ਵਾਸੀਆਂ ਨੇ ਰੋਸ ਮੁਜ਼ਾਹਰੇ ਦੌਰਾਨ ਦੱਸਿਆ ਕਿ ਵਾਟਰ ਸਪਲਾਈ ਮਹਿਕਮੇ ਵੱਲੋਂ ਠੇਕੇ 'ਤੇ ਰੱਖੇ ਕਰਿੰਦੇ ਗੁਰਬਿੰਦਰ ਸਿੰਘ ਕੋਲ ਅਸੀ ਐਡਵਾਂਸ 6 ਮਹੀਨੇ ਅਤੇ ਸਾਲ 2018 ਦੇ ਬਿੱਲ ਜਮ੍ਹਾ ਕਰਵਾ ਦਿੱਤੇ ਹਨ। ਪਹਿਲਾਂ ਇਹ ਬਿੱਲ 60 ਰੁਪਏ ਪ੍ਰਤੀ ਮਹੀਨਾ ਲੈਂਦਾ ਸੀ ਅਤੇ ਹੁਣ ਕੈਪਟਨ ਸਰਕਾਰ ਦੇ ਆਏ ਫਰਮਾਨ ਨਾਲ 100 ਰੁਪਏ ਪ੍ਰਤੀ ਕੁਨੈਕਸ਼ਨ ਦੀ ਉਗਰਾਹੀ ਕਰਦਾ ਹੈ। ਟੈਂਕੀ ਦਾ ਬਿੱੱਲ 10.50 ਲੱਖ ਰੁਪਏ ਰਹਿੰਦਾ ਸੀ ਤਾਂ ਬਿਜਲੀ ਬੋਰਡ ਨੇ 5 ਦਿਨ ਕੁਨੈਕਸ਼ਨ ਕੱਟੀ ਰੱਖਿਆ। ਇਕ ਲੱਖ ਰੁਪਏ ਜਮ੍ਹਾ ਕਰਵਾ ਕੇ ਬਿਜਲੀ ਬੋਰਡ ਨੇ ਕੁਨੈਕਸ਼ਨ ਜੋੜ ਦਿੱਤਾ ਸੀ। ਹੁਣ ਦੋ ਦਿਨਾਂ ਤੋਂ ਫਿਰ ਕੁਨੈਕਸ਼ਨ ਕੱਟ ਦਿੱਤੇ ਜਾਣ ਕਾਰਨ ਪਿੰਡ ਵਾਸੀਆਂ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਗਰੀਬ ਪਰਿਵਾਰ ਜਿਨ੍ਹਾਂ ਨੇ ਵਾਟਰ ਸਪਲਾਈ ਤੋਂ ਕੁਨੈਕਸ਼ਨ ਲਏ ਹੋਏ ਹਨ, ਪਾਣੀ ਤੋਂ ਸੱਖਣੇ ਬੈਠੇ ਹਨ।  ਉਨ੍ਹਾਂ ਕਿਹਾ ਕਿ ਅਸੀਂ ਮਹਿਕਮੇ ਕੋਲ ਐਡਵਾਂਸ ਪੈਸੇ ਜਮ੍ਹਾ ਕਰਵਾ ਦਿੱਤੇ ਹਨ ਫਿਰ ਵੀ ਸਾਨੂੰ ਪੀਣ ਵਾਸਤੇ ਪਾਣੀ ਨਹੀਂ ਮਿਲ ਰਿਹਾ ਅਤੇ ਦੋ ਦਿਨਾਂ ਤੋਂ ਅਸੀਂ ਨਹਾਉਣਾ ਤਾਂ ਦੂਰ ਦੀ ਗੱਲ ਜੰਗਲ ਪਾਣੀ ਜਾਣ ਤੋਂ ਵੀ ਡਾਢੇ ਪਰੇਸ਼ਾਨ ਹਾਂ। ਘਰਾਂ ਵਿਚ ਖੜ੍ਹੇ ਪਸ਼ੂ ਪਿਆਸ ਨਾਲ ਵਿਲਕ ਰਹੇ ਹਨ। ਸਾਡੀ ਕੋਈ ਵੀ ਸਾਰ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਵਾਟਰ ਸਪਲਾਈ ਜਲਦੀ ਨਿਰੰਤਰ ਨਾ ਹੋਈ ਤਾਂ ਸਾਨੂੰ ਮਜਬੂਰਨ ਸੜਕਾਂ 'ਤੇ ਸੰਘਰਸ਼ ਕਰਨ ਲਈ ਉਤਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਹਰ ਪ੍ਰੋਗਰਾਮ 'ਤੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਰੋਸ ਧਰਨਾ ਦੇਣ ਦਾ ਵੀ ਪ੍ਰੋਗਰਾਮ ਉਲੀਕ ਰਹੇ ਹਾਂ।
ਕੀ ਕਹਿਣਾ ਹੈ ਵਾਟਰ ਸਪਲਾਈ ਦੇ ਐੱਸ. ਡੀ. ਓ. ਦਾ?
ਵਾਟਰ ਸਪਲਾਈ ਵਿਭਾਗ ਦੇ ਐੱਸ. ਡੀ. ਓ. ਸੁਰਿੰਦਰ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ 9.50 ਲੱਖ ਬਿੱਲ ਦੀ ਅਦਾਇਗੀ ਨਾ ਕਰਨ ਕਰ ਕੇ ਕੁਨੈਕਸ਼ਨ ਬਿਜਲੀ ਬੋਰਡ ਨੇ ਕੱਟਿਆ ਹੈ ਅਤੇ ਇਹ ਵਿਭਾਗ ਵੀ ਬਿਜਲੀ ਬੋਰਡ ਵਾਂਗ ਪੰਜਾਬ ਸਰਕਾਰ ਦਾ ਹੀ ਹੈ। ਇਸ ਲਈ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਕੁਨੈਕਸ਼ਨ ਕੱਟਣਾ ਬਹੁਤ ਹੀ ਮੰਦਭਾਗਾ ਹੈ। ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਵਾਟਰ ਸਪਲਾਈ ਜਲਦ ਚਾਲੂ ਕਰਵਾਉਣਗੇ।
ਕੀ ਕਹਿਣਾ ਹੈ ਵਾਟਰ ਸਪਲਾਈ ਵਿਭਾਗ ਦੇ ਕਰਿੰਦੇ ਦਾ?
ਠੇਕੇ 'ਤੇ ਰੱਖੇ ਵਾਟਰ ਸਪਲਾਈ ਵਿਭਾਗ ਦੇ ਕਰਿੰਦੇ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਆਪਣੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਐਡਵਾਂਸ ਕੀਤਾ ਹੋਇਆ ਹੈ ਅਤੇ ਕਈਆਂ ਦਾ ਬਕਾਇਆ ਵੀ ਰਹਿੰਦਾ ਹੈ ਪਰ ਬਿਜਲੀ ਬੋਰਡ ਵਿਭਾਗ ਦੀ ਸਖਤ ਹਦਾਇਤ ਹੈ ਕਿ ਜੇਕਰ ਬਿੱਲ ਦਾ ਭੁਗਤਾਨ ਕੀਤੇ ਬਿਨਾਂ ਕੁਨੈਕਸ਼ਨ ਜੋੜ ਕੇ ਜਲ ਸਪਲਾਈ ਬਹਾਲ ਕੀਤੀ ਤਾਂ ਇਸ ਦਾ ਹਰਜਾਨਾ ਉਸ ਨੂੰ ਦੇਣਾ ਪਵੇਗਾ।