ਵਾਰਡ ਨੰ. 7 ਰਾਮ ਭਰੋਸੇ, ਨਾ ਵਿਰੋਧੀ ਨਾ ਕੌਂਸਲਰ, ਸੁਵਿਧਾਵਾਂ ਦੀ ਘਾਟ

03/09/2018 3:41:54 AM

ਬਠਿੰਡਾ(ਆਜ਼ਾਦ)-ਲੱਕੀ ਨੰਬਰ ਨਾਲ ਪ੍ਰਚਲਿਤ 7 ਨੰਬਰ ਮਾੜੀ ਕਿਸਮਤ ਹੈ ਕਿ ਇਹ ਵਾਰਡ ਰਾਮ ਭਰੋਸੇ ਹੈ, ਨਾ ਤਾਂ ਇਸ ਵਾਰਡ ਵਿਚ ਕੌਂਸਲਰ ਨਜ਼ਰ ਆਉਂਦਾ ਹੈ ਅਤੇ ਨਾ ਹੀ ਹਾਰਿਆ ਹੋਇਆ ਵਿਰੋਧੀ, ਜਿਸ ਕਾਰਨ ਵਾਰਡ ਸੁਵਿਧਾਵਾਂ ਤੋਂ ਵਾਂਝਾ ਹੈ ਜਦਕਿ ਗੰਦਾ ਪਾਣੀ ਸੜਕਾਂ 'ਤੇ ਆਮ ਦੇਖਿਆ ਜਾਂਦਾ ਹੈ, ਜਿਸ ਵਿਚ ਸੜਕਾਂ ਵੀ ਟੁੱਟ ਚੁੱਕੀਆਂ ਹਨ ਮੁਰੰਮਤ ਦਾ ਕੰਮ ਵੀ ਅਧੂਰਾ ਰਿਹਾ। ਇਸ ਵਾਰਡ ਵਿਚ ਬੱਚਿਆਂ ਦੇ ਖੇਡਣ ਲਈ ਨਾ ਕੋਈ ਪਾਰਕ ਹੈ ਅਤੇ ਨਾ ਕੋਈ ਕਮਿਊਨਟੀ ਸੈਂਟਰ ਹੈ। ਅਕਾਲੀ ਦਲ ਨਾਲ ਸਬੰਧਤ ਕੌਂਸਲਰ ਹਰਪਾਲ ਸਿੰਘ ਨੇ ਅਜੇ ਇਸ ਪਾਸੇ ਧਿਆਨ ਨਹੀਂ ਦਿੱਤਾ, ਜਿੱਤ ਤੋਂ ਬਾਅਦ ਉਹ ਅਲੋਪ ਹੀ ਹੋ ਗਿਆ। ਇਹ ਕਹਿਣਾ ਮੁਹੱਲਾ ਵਾਸੀਆਂ ਦਾ ਹੈ ਜੋ ਹਰਪਾਲ ਸਿੰਘ ਨੂੰ ਵੋਟ ਦੇ ਕੇ ਆਪਣੇ ਅਧਿਕਾਰਾਂ ਤੋਂ ਵਾਂਝੇ ਹੋਏ। ਚੋਣਾਂ ਤੋਂ ਪਹਿਲਾਂ ਉਕਤ ਕੌਂਸਲਰ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਉਹ ਹਰ ਸਮੇਂ ਉਨ੍ਹਾਂ ਨਾਲ ਖੜ੍ਹਾ ਰਹੇਗਾ, ਇਕ ਫੋਨ 'ਤੇ ਹੀ ਉਹ ਤੁਹਾਡੇ ਦਰ 'ਤੇ ਦਸਤਕ ਦੇਵੇਗਾ ਪਰ ਹੋਇਆ ਉਲਟ, ਫੋਨ ਕਰਨ 'ਤੇ ਵੀ ਕੌਂਸਲਰ ਨੇ ਕਦੇ ਫੋਨ ਨਹੀਂ ਚੁੱਕਿਆ ਅਤੇ ਨਾ ਹੀ ਕਿਸੇ ਦੀ ਕੋਈ ਸੁੱਧ ਲਈ। ਜਦ ਵੀ ਕਿਸੇ ਮੁਹੱਲਾ ਵਾਸੀ ਨੂੰ ਕੌਂਸਲਰ ਦੀ ਜ਼ਰੂਰਤ ਪਈ ਪਹਿਲਾਂ ਤਾਂ ਉਹ ਟਾਲ ਦਿੰਦੇ ਪਰ ਜ਼ੋਰ ਪਾਉਣ 'ਤੇ ਉਸ ਨੂੰ ਕਾਨੂੰਨੀ ਪੇਚਦਗੀ ਦੱਸ ਕੇ ਇਨਕਾਰ ਕਰ ਦਿੰਦੇ। ਇਥੋਂ ਤੱਕ ਕਿ ਹਰਪਾਲ ਸਿੰਘ ਦੇ ਵਿਰੋਧ ਵਿਚ ਖੜ੍ਹੇ ਕਾਂਗਰਸੀ ਉਮੀਦਵਾਰ ਨੂੰ ਤਾਂ ਮੁਹੱਲਾ ਵਾਸੀ ਭੁੱਲ ਚੁੱਕੇ ਹਨ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ ਦੇ ਬਾਅਦ ਤਾਂ ਹਾਰੇ ਉਮੀਦਵਾਰ ਦੀ ਸ਼ਕਲ ਵੀ ਨਹੀਂ ਦੇਖੀ ਕਿਉਂਕਿ ਉਹ ਬਾਹਰੀ ਉਮੀਦਵਾਰ ਸਨ। ਹਾਰ ਦੇ ਬਾਵਜੂਦ ਵੀ ਉਹ ਨਜ਼ਰ ਨਹੀਂ ਆਇਆ। ਜਗ ਬਾਣੀ ਦੀ ਟੀਮ ਨੇ ਸਾਰੇ ਵਾਰਡ ਦਾ ਦੌਰਾ ਕਰ ਕੇ ਲੋਕਾਂ ਦੀ ਰਾਏ ਜਾਣੀ ਤਾਂ ਕੌਂਸਲਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਨ੍ਹਾ ਦਾ ਨਵਾਂ ਬਹਾਨਾ ਹੀ ਸਾਹਮਣੇ ਆਇਆ ਆਖਿਰ ਉਨ੍ਹਾਂ ਨੇ ਆਪਣਾ ਫੋਨ ਹੀ ਬੰਦ ਕਰ ਦਿੱਤਾ।
ਵਾਰਡ ਦੀਆਂ ਕੁਝ ਮਹਿਲਾਵਾਂ ਨੇ ਨਾਂ ਨਹੀਂ ਛਾਪਣ 'ਤੇ ਦੱਸਿਆ ਕਿ ਵਾਰਡ ਵਿਚ ਸਫਾਈ ਕਰਨ ਵਾਲਾ ਕਦੇ ਨਹੀਂ ਆਉਂਦਾ ਹੈ, ਜਿਸ ਕਾਰਨ ਉਹ ਖੁਦ ਹੀ ਮੁਹੱਲੇ ਦੀ ਸਫਾਈ ਕਰਨੀ ਪੈਂਦੀ ਹੈ। 
ਇਨ੍ਹਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਵਾਰਡ ਵਿਚ ਸੈਰ ਕਰਨ ਦੀ ਵੀ ਕੋਈ ਵਿਵਸਥਾ ਨਹੀਂ। ਕੌਸਲਰ ਨੇ ਕਦੀ ਵੀ ਪਾਰਕ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਕਿਸੇ ਵੀ ਸਮਾਰੋਹ ਦੇ ਲਈ ਕੋਈ ਕਮਿਊਨਟੀ ਸੈਂਟਰ ਹੈ।