ਕਰੋੜਾਂ ਰੁਪਏ ਨਾਲ ਬਣਾਏ ਪਾਰਕ ਦੀ ਬਦਹਾਲੀ ਨੇ ਸ਼ਹਿਰ ਨੂੰ ਕੀਤਾ ਬਦਸੂਰਤ

02/22/2018 4:46:47 AM

ਦੋਰਾਹਾ(ਗੁਰਮੀਤ ਕੌਰ)-ਸਥਾਨਕ ਸ਼ਹਿਰ 'ਚ ਜੀ. ਟੀ. ਰੋਡ ਨੇੜੇ ਦੋਰਾਹਾ ਦੀ ਨਗਰ ਕੌਂਸਲ ਵੱਲੋਂ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਪਾਰਕ ਦੀ ਬਦਹਾਲੀ ਨੇ ਸ਼ਹਿਰ ਨੂੰ ਮੁੱਢੋਂ ਬਦਸੂਰਤ ਬਣਾ ਦਿੱਤਾ ਹੈ। ਨਗਰ ਕੌਸਲ ਦੇ ਅਕਾਲੀ ਸਰਕਾਰ ਵੇਲੇ ਪ੍ਰਧਾਨ ਦੀ ਕੁਰਸੀ 'ਤੇ ਬੈਠੇ ਪ੍ਰਧਾਨ ਵੱਲੋਂ ਸ਼ਹਿਰ ਨੂੰ ਕੈਲੀਫੋਰਨੀਆ ਬਣਾਉਣ ਤੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੇ ਮੰਤਵ ਨਾਲ ਇਸ ਪਾਰਕ ਦਾ ਨਿਰਮਾਣ ਕਰਵਾਇਆ ਸੀ। ਅੱਜ ਦੇ ਸਮੇਂ 'ਚ ਆਪਣੀ ਬਦਹਾਲੀ 'ਤੇ ਹੰਝੂ ਵਹਾਅ ਰਿਹਾ ਇਹ ਪਾਰਕ ਪਿਸ਼ਾਬ-ਘਰ, ਜੂਏ ਦਾ ਅੱਡਾ ਤੇ ਨਾਜਾਇਜ਼ ਪਾਰਕਿੰਗ ਵਾਲੀ ਥਾਂ ਬਣ ਕੇ ਰਹਿ ਗਿਆ ਹੈ। ਪਾਰਕ ਦੀ ਅਜਿਹੀ ਤਰਸਯੋਗ ਹਾਲਤ ਦੇਖ ਕੇ ਅਜੋਕੇ ਸਮੇਂ ਸ਼ਹਿਰ ਦੇ ਲੋਕਾਂ ਦੇ ਮਨਾਂ 'ਚੋਂ ਇਕੋ ਆਵਾਜ਼ ਨਿਕਲ ਰਹੀ ਹੈ ਕਿ ਕਰੋੜਾਂ ਤਾਂ ਇਕ ਪਾਸੇ, ਪਾਰਕ ਦੀ ਘਟੀਆ ਹਾਲਤ ਨੂੰ ਦੇਖਦਿਆਂ ਇਸ 'ਤੇ ਇਕ ਰੁਪਈਆ ਵੀ ਨਹੀਂ ਲਾਇਆ ਜਾਪਦਾ। ਹੁਣ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਪਾਰਕ ਨੂੰ ਸ਼ਹਿਰ ਦੀ ਸੁੰਦਰਤਾ ਲਈ ਬਣਾਇਆ ਗਿਆ ਹੈ ਜਾਂ ਫਿਰ ਜੇਬਾਂ ਭਰਨ ਲਈ? ਪਾਰਕ 'ਚ ਵੱਡੀ-ਵੱਡੀ ਜ਼ਹਿਰੀਲੀ ਬੂਟੀ ਉੱਗੀ ਹੋਈ ਹੈ। ਜਗ੍ਹਾ-ਜਗ੍ਹਾ 'ਤੇ ਗੰਦਗੀ ਫੈਲੀ ਹੋਈ ਹੈ। ਪਾਰਕ ਦੀ ਬਦਤਰ ਹਾਲਤ ਸ਼ਹਿਰ ਦੇ ਵਿਨਾਸ਼ ਦੀ ਇਕ ਝਲਕ ਪੇਸ਼ ਕਰਦੀ ਹੈ। 
ਪਾਰਕ 'ਚ ਨਹੀਂ ਲਾਇਆ ਕੋਈ ਫੁਹਾਰਾ
ਭਾਵੇਂ ਕਿ ਨਗਰ ਕੌਸਲ ਵੱਲੋਂ ਅਕਾਲੀ ਸਰਕਾਰ ਵੇਲੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪਾਰਕ 'ਤੇ ਕਰੋੜਾਂ ਰੁਪਏ ਖਰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਪਾਰਕ 'ਚ ਕੋਈ ਫੁਹਾਰਾ ਤਾਂ ਲਾਇਆ ਹੀ ਜਾ ਸਕਦਾ ਸੀ।
ਨਹੀਂ ਬਣਾਇਆ ਕੋਈ ਜਨਤਕ ਪਖਾਨਾ
ਪਾਰਕ 'ਚ ਨਿਰਮਾਣ ਸਮੇਂ ਕੋਈ ਵੀ ਜਨਤਕ ਪਖਾਨਾ ਨਹੀਂ ਬਣਾਇਆ ਗਿਆ। ਪਾਰਕ ਕੋਲੋਂ ਗੁਜ਼ਰਨ ਵਾਲੇ ਔਰਤਾਂ ਤੇ ਮਰਦ ਪਾਰਕ 'ਚ ਖੁੱਲ੍ਹੇਆਮ ਬਿਨਾਂ ਕਿਸੇ ਸੰਗ-ਸ਼ਰਮ ਤੋਂ ਪਿਸ਼ਾਬ ਕਰਦੇ ਦੇਖੇ ਜਾ ਸਕਦੇ ਹਨ। ਨੇੜੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਮੰਜ਼ਰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਹਨ।
ਸਜਾਵਟ ਲਈ ਨਹੀਂ ਕੀਤਾ ਗਿਆ ਕੋਈ ਅਹਿਦ 
ਇਹ ਵੀ ਦੱਸਣਯੋਗ ਹੈ ਕਿ ਪਾਰਕ 'ਚ ਕਿਤੇ ਕੋਈ ਬੈਠਣ ਲਈ ਨਾ ਹੀ ਬੈਂਚ ਹੈ ਨਾ ਹੀ ਡੈਕੋਰੇਸ਼ਨ ਲਾਈਟਾਂ। ਆਰਾਮ ਕਰਨ ਲਈ ਕੋਈ ਵਧੀਆ ਕੁਆਲਿਟੀ ਦਾ ਘਾਹ ਜਾਂ ਫੁੱਲ-ਬੂਟੇ ਨਹੀਂ ਲਾਏ ਗਏ। ਕੇਵਲ ਚਾਰਦੀਵਾਰੀ 'ਤੇ ਹੀ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰ ਕੇ ਖਾਨਾਪੂਰਤੀ ਕੀਤੀ ਗਈ 
ਜਾਪਦੀ ਹੈ।
ਪ੍ਰਾਈਵੇਟ ਟੈਂਪੂ ਵਾਲਿਆਂ ਨੇ ਬਣਾਇਆ ਨਾਜਾਇਜ਼ ਪਾਰਕਿੰਗ ਦਾ ਅੱਡਾ
ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇਹ ਪਾਰਕ ਨਾਜਾਇਜ਼ ਪਾਰਕਿੰਗ ਦਾ ਅੱਡਾ ਬਣ ਗਿਆ ਹੈ। ਮਿੰਨੀ ਟੈਂਪੂ ਵਾਲਿਆਂ ਨੇ ਇਥੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਨਗਰ ਕੌਂਸਲ ਦੇ ਕਿਸੇ ਵੀ ਪ੍ਰਧਾਨ ਜਾਂ ਅਧਿਕਾਰੀ ਨੇ ਪਾਰਕ ਨੂੰ ਬਣਾਉਣ ਤੋਂ ਬਾਅਦ ਇਸ ਦੀ ਬਦਤਰ ਹਾਲਤ ਵੱਲ ਕਦੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ।
ਪਾਰਕ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਨਗਰ ਕੌਸਲ ਦੀ ਤਿੱਖੀ ਆਲੋਚਨਾ ਕਰਦਿਆਂ ਨੇੜੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੀਡਰ ਸਾਲ 'ਚ ਇਕ ਵਾਰ ਗਰਮੀ ਸਮੇਂ ਇਕ-ਅੱਧਾ ਬੂਟਾ ਲਾ ਕੇ ਪਾਰਕ ਦੀ ਖਸਤਾ ਹਾਲਤ ਨੂੰ ਸੰਵਾਰਨ ਦਾ ਫੋਕਾ ਦਾਅਵਾ ਕਰ ਕੇ ਚਲੇ ਜਾਂਦੇ ਹਨ। ਮੁੜ ਕੇ ਲਭਦੇ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਪਾਰਕ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਰੋੜਾਂ ਰੁਪਏ ਪਾਰਕ 'ਤੇ ਲੱਗੇ ਹਨ ਜਾਂ ਫਿਰ ਨਿੱਜੀ ਹਿੱਤਾਂ ਲਈ ਵਰਤੇ ਗਏ ਹਨ? ਇਹ ਅਸਲ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ।