ਮੀਂਹ ਦੇ ਪਾਣੀ ਕਾਰਨ ਸੜਕਾਂ ਦੇ ਨਾਲ-ਨਾਲ ਸਰਕਾਰੀ ਅਦਾਰੇ ਵੀ ਹੋਏ ਜਲਥਲ

09/12/2017 12:12:51 AM

ਜਲਾਲਾਬਾਦ(ਟੀਨੂੰ, ਦੀਪਕ)—ਅੱਜ ਸਵੇਰੇ 7 ਵਜੇ ਦੇ ਕਰੀਬ ਸਥਾਨਕ ਸ਼ਹਿਰ ਅੰਦਰ ਸ਼ੁਰੂ ਹੋਏ ਮੀਂਹ ਦੇ ਕਾਰਨ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਅਤੇ ਆਪਣੀਆਂ-ਆਪਣੀਆਂ ਡਿਊਟੀਆਂ 'ਤੇ ਜਾਣ ਵਾਲੇ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਵੇਰੇ 7 ਵਜੇ ਸਥਾਨਕ ਇਲਾਕੇ ਅੰਦਰ ਤੇ ਆਸ-ਪਾਸ ਦੇ ਖੇਤਰ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਜੋ ਲਗਾਤਾਰ ਕਈ ਘੰਟਿਆਂ ਤੱਕ ਪੈਂਦਾ ਰਿਹਾ। ਜਿਸ ਕਾਰਨ ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਅਤੇ ਨੌਕਰੀ ਕਰਨ ਵਾਲੇ ਕਰਮਚਾਰੀ ਆਪਣੀਆਂ ਡਿਊਟੀਆਂ 'ਤੇ ਪੁੱਜਣ ਵਿਚ ਲੇਟ ਹੋ ਗਏ। ਇਸ ਦੇ ਨਾਲ ਹੀ ਸਥਾਨਕ ਸ਼ਹਿਰ ਅੰਦਰ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਉਚਿਤ ਪ੍ਰਬੰਧ ਨਾ ਹੋਣ ਕਰਕੇ ਇਲਾਕੇ ਅੰਦਰ ਕਈ ਘੰਟੇ ਪਏ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਜਲਥਲ ਕਰ ਦਿੱਤਾ। ਇਸ ਤੋਂ ਇਲਾਵਾ ਸਥਾਨਕ ਸ਼ਹਿਰ ਅੰਦਰ ਸਥਿਤ ਵੱਖ-ਵੱਖ ਸਰਕਾਰੀ ਅਦਾਰਿਆਂ 'ਚ ਵੀ ਭਾਰੀ ਮਾਤਰਾ ਵਿਚ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ, ਜਿਸ ਕਰਕੇ ਸਰਕਾਰੀ ਅਦਾਰੇ ਵੀ ਪੂਰੀ ਤਰ੍ਹਾਂ ਜਲਥਲ ਹੋ ਗਏ ਅਤੇ ਇਹ ਪਾਣੀ ਮੀਂਹ ਬੰਦ ਹੋਣ ਤੋਂ ਕਈ ਘੰਟਿਆਂ ਬਾਅਦ ਵੀ ਸੜਕਾਂ ਅਤੇ ਸਰਕਾਰੀ ਅਦਾਰਿਆਂ ਵਿਚ ਖੜ੍ਹਾ ਰਿਹਾ।
ਜਗ੍ਹਾ-ਜਗ੍ਹਾ ਖੜ੍ਹੇ ਪਾਣੀ ਕਾਰਨ ਲੋਕ ਪ੍ਰੇਸ਼ਾਨ : ਪ੍ਰਸ਼ਾਸਨ ਬੇਖਬਰ
ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਵਿਚ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਸ਼ਹਿਰ ਤੇ ਛਾਉਣੀ ਵਿਚ ਜਗ੍ਹਾ-ਜਗ੍ਹਾ ਪਾਣੀ ਤੇ ਚਿੱਕੜ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦਾ ਸੀਵਰੇਜ ਸਿਸਟਮ ਠੀਕ ਨਾ ਚੱਲਣ ਕਾਰਨ ਇਹ ਪਾਣੀ ਜਗ੍ਹਾ-ਜਗ੍ਹਾ ਖੜ੍ਹਾ ਹੋ ਜਾਂਦਾ ਹੈ ਤੇ ਸੜਕਾਂ Àੁੱਚੀਆਂ-ਨੀਵੀਆਂ ਹੋਣ ਦਾ ਵੀ ਕਾਰਨ ਹੋ ਸਕਦਾ ਹੈ। ਇਹ ਸਾਰਾ ਕੰਮ ਪ੍ਰਸ਼ਾਸਨ ਦੀ ਦੇਖਰੇਖ ਵਿਚ ਹੁੰਦਾ ਹੈ ਪਰ ਪ੍ਰਸ਼ਾਸਨ ਬੇਖਬਰ ਹੈ। ਜਦੋਂਕਿ ਇਨ੍ਹਾਂ ਸੜਕਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਤੇ ਸਿਆਸੀ ਲੀਡਰ ਖੁਦ ਵੀ ਲੰਘਦੇ ਹਨ, ਇਸ ਸਮੱਸਿਆ ਵੱਲ ਸ਼ਾਇਦ ਉਨ੍ਹਾਂ ਦਾ ਧਿਆਨ ਨਹੀਂ ਜਾਂਦਾ। ਮੌਜੂਦਾ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ, ਤਾਂ ਜੋ ਸ਼ਹੀਦਾਂ ਦੀ ਧਰਤੀ 'ਤੇ ਬਾਹਰੋਂ ਆਏ ਲੋਕ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਸਮਾਧਾਂ 'ਤੇ ਮੱਥਾ ਟੇਕਣ ਲਈ ਜਾਂਦੇ ਹੋਏ ਸ਼ਹਿਰ ਨੂੰ ਇਸ ਹਾਲਤ 'ਚ ਨਾ ਦੇਖਣ। ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕ ਆਪਣਾ ਸਹਿਯੋਗ ਦੇਣ।