ਪਿੰਡ ਤਾਂ ਪਤਾ ਨੀਂ ਤੇਰਾ ਕਿਹੋ ਜਿਹਾ ਹੋਣਾ,  ਮੈਂ ਤਾਂ ਸੜਕਾਂ ਦੇਖ ਕੇ ਡਰ ਗਿਆ ਨੀ

09/10/2017 7:12:54 AM

ਮਾਲੇਰਕੋਟਲਾ(ਸ਼ਹਾਬੂਦੀਨ)-'ਪਿੰਡ ਤਾਂ ਪਤਾ ਨੀਂ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਸੜਕਾਂ ਦੇਖ ਕੇ ਡਰ ਗਿਆ ਨੀ' ਜੀ ਹਾਂ ਇਹ ਕਿਸੇ ਪ੍ਰਸਿੱਧ ਪੰਜਾਬੀ ਗੀਤ ਦੇ ਬੋਲ ਨਹੀਂ ਸਗੋਂ ਪੰਜਾਬ ਦੀਆਂ ਸੜਕਾਂ ਬਾਰੇ ਮਹਿਕਮੇ ਦੇ ਮੰਤਰੀ ਦੀਆਂ ਆਪਣੇ ਹਲਕੇ ਅੰਦਰਲੀਆਂ ਖਸਤਾ ਹਾਲਤ ਸੜਕਾਂ ਦੀ ਦਾਸਤਾਨ ਹੈ, ਜੋ ਸਰਕਾਰ ਦੇ ਵੱਡੇ-ਵੱਡੇ ਵਿਕਾਸ ਰੂਪੀ ਦਾਅਵਿਆਂ ਨੂੰ ਬੇਬੁਨਿਆਦ ਸਿੱਧ ਕਰਦੀ ਹੋਈ ਆਪਣੀ ਉਸਾਰੀ ਮੌਕੇ ਸਰਕਾਰੀ ਅਫਸਰਸ਼ਾਹੀ ਤੇ ਸਿਆਸਤਦਾਨਾਂ ਵੱਲੋਂ ਮਿਲ ਕੇ ਵੱਡੀ ਪੱਧਰ 'ਤੇ ਖੇਡੀ ਗਈ ਕਥਿਤ ਕਮਿਸ਼ਨਖੋਰੀ ਦੀ ਖੇਡ ਬਾਰੇ ਚੀਕ-ਚੀਕ ਕੇ ਦੁਹਾਈ ਦਿੰਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੀ ਹੈ।
ਸ਼ਹਿਰ ਦੀਆਂ ਮੇਨ ਸੜਕਾਂ ਤੋਂ ਲੰਘਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੀਂਹ ਦਾ ਮੌਸਮ ਹੋਣ ਕਰ ਕੇ ਥੋੜ੍ਹੇ ਜਿਹੇ ਮੀਂਹ ਨਾਲ ਹੀ ਇਨ੍ਹਾਂ ਸੜਕਾਂ 'ਤੇ ਖੜ੍ਹਦੇ ਗੋਡੇ-ਗੋਡੇ ਪਾਣੀ 'ਚ ਟੋਇਆਂ ਦਾ ਪਤਾ ਨਾ ਲੱਗਣ ਕਾਰਨ ਦੋ ਪਹੀਆ ਵਾਹਨ ਚਾਲਕ ਅਕਸਰ ਹੀ ਹਾਦਸਾਗ੍ਰਸਤ ਹੋ ਕੇ ਜਿਥੇ ਜ਼ਖਮੀ ਹੁੰਦੇ ਰਹਿੰਦੇ ਹਨ ਉਥੇ ਹੀ ਟੋਇਆਂ 'ਚ ਡਿੱਗਣ ਨਾਲ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ।
ਜਦੋਂ ਮੁੱਖ ਮੰਤਰੀ ਜਾਂ ਹੋਰ ਕਿਸੇ ਵੱਡੇ ਮੰਤਰੀ ਨੇ ਮਾਲੇਰਕੋਟਲਾ ਸ਼ਹਿਰ 'ਚ ਆਉਣਾ ਹੁੰਦਾ ਹੈ ਤਾਂ ਨਗਰ ਕੌਂਸਲ ਇਨ੍ਹਾਂ ਟੋਇਆਂ ਨੂੰ ਮਿੱਟੀ ਨਾਲ ਭਰ ਕੇ ਬੁੱਤਾ ਸਾਰ ਦਿੰਦੀ ਹੈ। ਸੂਬੇ ਦੇ ਸੜਕ ਮਹਿਕਮੇ ਦੇ ਮੰਤਰੀ ਦੇ ਆਪਣੇ ਹਲਕੇ ਦੀਆਂ ਸੜਕਾਂ ਦਾ ਜੇ ਇੰਨਾ ਮਾੜਾ ਹਾਲ ਹੈ ਤਾਂ ਪੰਜਾਬ ਦੇ ਬਾਕੀ 116 ਹਲਕਿਆਂ ਦੀਆਂ ਸੜਕਾਂ ਦੀ ਹਾਲਤ ਕੀ ਹੋਵੇਗੀ, ਇਸ ਦਾ ਅੰਦਾਜ਼ਾ ਤੁਸੀਂ ਸਹਿਜੇ ਹੀ ਲਾ ਸਕਦੇ ਹੋ। 
ਦੱਸਣਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਮੌਕੇ ਨਗਰ ਕੌਂਸਲ ਮਾਲੇਰਕੋਟਲਾ ਨੇ ਕਰੀਬ 11 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਜਿਹੜੀਆਂ ਕੁਝ ਸੜਕਾਂ ਬਣਾਈਆਂ ਸਨ, ਉਨ੍ਹਾਂ ਸੜਕਾਂ ਨੂੰ ਬਣਾਉਣ ਮੌਕੇ ਸਬੰਧਿਤ ਠੇਕੇਦਾਰ ਵੱਲੋਂ ਸੜਕਾਂ ਦੀ ਉਸਾਰੀ ਲਈ ਸਰਕਾਰ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਮਟੀਰੀਅਲ ਪਾ ਕੇ ਉੱਚ ਮਿਆਰੀ ਸੜਕਾਂ ਬਣਾਉਣ ਦੀ ਬਜਾਏ ਸਿਰਫ ਲੁੱਕ ਨਾਲ ਲਿਬੜੀ ਬੱਜਰੀ ਪਾ ਕੇ ਹੀ ਖਾਨਾਪੂਰਤੀ ਕਰ ਦਿੱਤੀ।
ਸੜਕਾਂ ਬਣਾਏ ਜਾਣ ਦਾ ਮਾਮਲਾ ਕੁਝ ਮੀਡੀਆ ਕਰਮੀਆਂ ਵੱਲੋਂ ਉਸ ਸਮੇਂ ਦੇ ਕੌਂਸਲ ਅਧਿਕਾਰੀਆਂ ਕੋਲ ਵੀ ਉਠਾਇਆ ਗਿਆ ਸੀ ਪਰ ਕਮਿਸ਼ਨਖੋਰੀ ਦੀ ਬੀਮਾਰੀ ਨਾਲ ਬੁਰੀ ਤਰ੍ਹਾਂ ਪੀੜਤ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਸ ਸਮੇਂ ਮੀਡੀਆ ਕਰਮੀਆਂ ਵੱਲੋਂ ਉਠਾਏ ਸਵਾਲਾਂ ਦਾ ਤਸੱਲੀਬਖਸ਼ ਜਵਾਬ ਨਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣਾਈਆਂ ਗਈਆਂ ਇਹ ਸੜਕਾਂ ਲੰਬੀ ਉਮਰ ਹੰਢਾਉਣਗੀਆਂ, ਪਰ ਉਕਤ ਕੌਂਸਲ ਅਧਿਕਾਰੀਆਂ ਵੱਲੋਂ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਬਣਨ ਦੇ ਦੋ ਸਾਲ ਅੰਦਰ ਹੀ ਸਾਰੀਆਂ ਨਵੀਆਂ ਸੜਕਾਂ ਦੀ ਬੱਜਰੀ ਸੜਕਾਂ ਦਾ ਸਾਥ ਛੱਡ ਕੇ ਹਾਦਸਿਆਂ ਨੂੰ ਸੱਦਾ ਦੇਣ ਲੱਗ ਪਈ। 
ਅੱਜ ਸ਼ਹਿਰ ਦੀ ਹਾਲਤ ਇਹ ਹੈ ਕਿ ਸ਼ਹਿਰ ਦੀ ਕੋਈ ਵੀ ਸੜਕ ਅਜਿਹੀ ਨਹੀਂ ਜਿਸ 'ਤੇ ਟੋਏ ਨਾ ਪਏ ਹੋਣ। ਇਥੋਂ ਤੱਕ ਕਿ ਸ਼ਹਿਰ ਦੇ ਜਿਹੜੇ ਕੁਝ ਖੇਤਰਾਂ 'ਚ ਇੰਟਰਲਾਕਿੰਗ ਟਾਈਲਾਂ ਵਾਲੀਆਂ ਸੜਕਾਂ ਬਣਾ ਕੇ ਉਸ ਸਮੇਂ ਦੇ ਕੌਂਸਲ ਦੇ ਈ. ਓ. ਅਤੇ ਪ੍ਰਧਾਨ ਨੇ ਆਪਣੀ ਪਿੱਠ ਥਪ-ਥਪਾਈ ਸੀ ਉਹ ਸਾਰੀਆਂ ਸੜਕਾਂ ਬੁਰੀ ਤਰ੍ਹਾਂ ਦਬ ਗਈਆਂ ਹਨ ਜਾਂ ਫਿਰ ਥਾਂ-ਥਾਂ ਤੋਂ ਉਖੜ ਗਈਆਂ ਹਨ, ਕਿਉਂਕਿ ਇਨ੍ਹਾਂ ਸੜਕਾਂ ਨੂੰ ਬਣਾਉਣ ਸਮੇਂ ਠੇਕੇਦਾਰ ਨੇ ਹੇਠਲੇ ਹਿੱਸੇ 'ਚ ਮਿਆਰੀ ਮਟੀਰੀਅਲ ਨਾ ਪਾ ਕੇ ਹੇਠਲੇ ਹਿੱਸੇ ਨੂੰ ਉਸ ਪੱਧਰ ਦਾ ਤਿਆਰ ਨਹੀਂ ਸੀ ਕੀਤਾ, ਜਿਵੇਂ ਕਿ ਅਜਿਹੀਆਂ ਸੜਕਾਂ ਨੂੰ ਬਣਾਉਣ ਸਮੇਂ ਹੇਠਲੇ ਹਿੱਸੇ ਨੂੰ ਮਟੀਰੀਅਲ ਪਾ ਕੇ ਤਿਆਰ ਕੀਤਾ ਜਾਂਦਾ ਹੈ। ਮੁਸ਼ਕਿਲ ਨਾਲ ਦੋ ਸਾਲ ਦੀ ਉਮਰ ਹੰਢਾਉਣ ਵਾਲੀਆਂ ਮਾਲੇਰਕੋਟਲਾ ਸ਼ਹਿਰ ਦੀਆਂ ਇਨ੍ਹਾਂ ਟੁੱਟੀਆਂ ਸੜਕਾਂ ਦਾ ਮੁੱਦਾ ਕਈ ਵਾਰ ਅਖਬਾਰਾਂ ਦੀਆਂ ਸੁਰਖੀਆਂ ਬਣਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਸਮੇਤ ਹੋਰ ਸਬੰਧਿਤ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਨ੍ਹਾਂ ਸੜਕਾਂ ਦੀ ਜਾਂਚ-ਪੜਤਾਲ ਕਰਾਉਣ ਵੱਲ ਕੋਈ ਧਿਆਨ ਨਾ ਦੇਣਾ ਸਾਬਤ ਕਰਦਾ ਹੈ ਕਿ ਸਾਰੇ ਆਪਸ ਵਿਚ ਕਥਿਤ ਘਿਓ-ਖਿਚੜੀ ਹਨ, ਜੇਕਰ ਨਗਰ ਕੌਂਸਲ ਵੱਲੋਂ ਸਿਰਫ 11 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਇਨ੍ਹਾਂ ਸ਼ਹਿਰੀ ਸੜਕਾਂ ਦੀ ਹੀ ਨਿਰਪੱਖ ਜਾਂਚ ਹੋ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਉਣਗੇ। ਓਧਰ ਆਮ ਆਦਮੀ ਪਾਰਟੀ ਦੇ ਆਗੂ ਕੌਂਸਲਰ ਇਲਿਆਸ ਜੁਬੈਰੀ ਸਮੇਤ ਹੋਰਨਾਂ ਸ਼ਹਿਰੀ ਪਤਵੰਤਿਆਂ ਨੇ ਸ਼ਹਿਰ ਦੀਆਂ ਵੱਖ-ਵੱਖ ਖਸਤਾਹਾਲ ਸੜਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਤੇ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੋਈ ਵਾਹਨ ਚਾਲਕ ਥਾਂ-ਥਾਂ ਤੋਂ ਟੁੱਟੀਆਂ ਸੜਕਾਂ ਕਾਰਨ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਵੇ ਨਗਰ ਕੌਂਸਲ ਤੁਰੰਤ ਇਨ੍ਹਾਂ ਸੜਕਾਂ ਨੂੰ ਨਵੇਂ ਸਿਰੇ ਤੋਂ ਮਿਆਰੀ ਪੱਧਰ ਦੀਆਂ ਬਣਾਵੇ।
ਪ੍ਰੀਮਿਕਸ ਨਿਕਲਣ ਕਾਰਨ ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਹੈ : ਈ.ਓ. ਦੋ ਸਾਲ 'ਚ ਹੀ ਟੁੱਟੀਆਂ ਇਨ੍ਹਾਂ ਨਵੀਆਂ ਸੜਕਾਂ ਦੇ ਮਾਮਲੇ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਉਭੀ ਤੇ ਸਬੰਧਿਤ ਨਗਰ ਕੌਂਸਲ ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਨਵੀਆਂ ਬਣਾਈਆਂ ਸੜਕਾਂ ਦਾ ਪ੍ਰੀਮਿਕਸ ਨਿਕਲਣ ਕਾਰਨ ਹੀ ਨਗਰ ਕੌਂਸਲ ਵੱਲੋਂ ਉਕਤ ਸੜਕਾਂ ਬਣਾਉਣ ਵਾਲੇ ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਗਈ ਹੈ ਅਤੇ ਠੇਕੇਦਾਰ ਨੂੰ ਉਦੋਂ ਤੱਕ ਅਦਾਇਗੀ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਠੇਕੇਦਾਰ ਉਕਤ ਸੜਕਾਂ 'ਤੇ ਦੁਬਾਰਾ ਪ੍ਰੀਮਿਕਸ ਨਹੀਂ ਪਾਉਂਦਾ। ਕੌਂਸਲ ਅਧਿਕਾਰੀਆਂ ਨੇ ਕਿਹਾ ਕਿ ਮੀਂਹ ਦਾ ਮੌਸਮ ਖਤਮ ਹੋਣ ਉਪਰੰਤ ਠੇਕੇਦਾਰ ਨੇ ਇਨ੍ਹਾਂ ਟੁੱਟੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਦਾ ਭਰੋਸਾ ਦਿੱਤਾ ਹੈ।