ਪਿੰਡ ਫੁੱਲੋ ਮਿੱਠੀ ਵਾਸੀ ਵਾਟਰ ਵਰਕਸ ਦੇ ਨਹਿਰੀ ਪਾਣੀ ਨੂੰ ਤਰਸੇ

07/23/2017 2:00:18 AM

ਸੰਗਤ ਮੰਡੀ(ਮਨਜੀਤ)-ਪਿੰਡ ਫੁੱਲੋ ਮਿੱਠੀ ਵਾਸੀ ਵਾਟਰ ਵਰਕਸ ਦੇ ਘਰਾਂ 'ਚ ਹੁੰਦੇ ਨਹਿਰੀ ਪਾਣੀ ਦੀ ਸਪਲਾਈ ਨੂੰ ਤਰਸ ਗਏ ਹਨ। ਲੋਕ ਮਜਬੂਰੀਵੱਸ ਟੈਂਕਰਾਂ ਰਾਹੀਂ ਪਾਣੀ ਬਾਹਰੋਂ ਲਿਆ ਕੇ ਆਪਣਾ ਡੰਗ ਟਪਾ ਰਹੇ ਹਨ ਪਰ ਵਿਭਾਗ ਇਸ ਪਾਸੇ ਧਿਆਨ ਦੇਣ ਦੀ ਬਜਾਏ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਵਲੰਟੀਅਰਾਂ ਵੱਲੋਂ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਗਿਆ ਹੈ ਕਿ ਜੇਕਰ ਪਿੰਡ 'ਚ ਵਿਭਾਗ ਵੱਲੋਂ ਨਹਿਰੀ ਪਾਣੀ ਦੀ ਸਪਲਾਈ ਨੂੰ ਜਲਦੀ ਸੁਚਾਰੂ ਢੰਗ ਨਾਲ ਚਾਲੂ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਜਿਥੇ ਪਿੰਡ ਵਾਸੀ ਔਖੇ ਹੋ ਰਹੇ ਹਨ ਉਥੇ ਦੁਧਾਰੂ ਪਸ਼ੂਆਂ ਨੂੰ ਵੀ ਨਹਿਰੀ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੇ ਦੁੱਧ 'ਚ ਭਾਰੀ ਕਮੀ ਆ ਗਈ ਹੈ। ਕਲੱਬ ਦੇ ਪ੍ਰਧਾਨ ਰਣਦੀਪ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵਾਟਰ ਵਰਕਸ ਦੀ ਨਹਿਰੀ ਪਾਣੀ ਦੀ ਵਾਰੀ ਸ਼ੁੱਕਰਵਾਰ ਰਾਤ ਅੱਠ ਵਜੇ ਸ਼ੁਰੂ ਹੋ ਕੇ ਸ਼ਨੀਵਾਰ ਤੇ ਐਤਵਾਰ ਤੱਕ ਕੁਲ 46 ਘੰਟੇ ਬਣਦੀ ਹੈ ਪਰ ਕੁਝ ਲੋਕਾਂ ਵੱਲੋਂ ਪਾਣੀ ਨੂੰ ਵਾਟਰ ਵਰਕਸ ਦੇ ਟੈਂਕਾਂ 'ਚ ਪੈਣ ਦੀ ਬਜਾਏ ਰਸਤੇ 'ਚ ਹੀ ਚੋਰੀ ਕਰ ਲਿਆ ਜਾਂਦਾ ਹੈ, ਜਿਸ ਕਾਰਨ ਟੈਂਕਾਂ 'ਚ ਬਹੁਤ ਥੋੜ੍ਹਾ ਪਾਣੀ ਹੀ ਪੈਂਦਾ ਹੈ। ਉਨ੍ਹਾਂ ਵਿਭਾਗ ਦੇ ਕਰਮਚਾਰੀਆਂ ਨੂੰ ਕਿਹਾ ਕਿ ਟੈਂਕਾਂ ਲਈ ਸਪੈਸ਼ਲ ਰਜਬਾਹੇ 'ਚ ਪਾਈਪ ਪਾ ਕੇ ਲਿਆਂਦਾ ਜਾਵੇ, ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋ ਸਕੇ। ਕਲੱਬ ਮੈਂਬਰਾਂ ਵੱਲੋਂ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਗਿਆ ਕਿ ਜੇਕਰ ਪਿੰਡ 'ਚ ਨਹਿਰੀ ਪਾਣੀ ਦੀ ਸਪਲਾਈ ਨੂੰ ਵਿਭਾਗ ਵੱਲੋਂ ਸਹੀ ਨਾ ਕੀਤਾ ਗਿਆ ਤਾਂ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਣਗੇ, ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੀ ਹੋਵੇਗੀ। 
ਕੀ ਕਹਿੰਦੇ ਨੇ ਵਾਟਰ ਵਰਕਸ ਦੇ ਡਰਾਈਵਰ
ਜਦ ਇਸ ਸਬੰਧੀ ਵਾਟਰ ਵਰਕਸ ਦੇ ਡਰਾਈਵਰ ਪਰਮਜੀਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਾਣੀ ਤੋਂ ਬਿਨਾਂ ਟੈਂਕ ਖਾਲੀ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਜਿਸ ਖਾਲ 'ਚ ਪਾਣੀ ਆਉਂਦਾ ਹੈ ਉਸ ਦਾ ਥਾਂ-ਥਾਂ ਤੋਂ ਟੁੱਟਿਆ ਹੋਣਾ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਲੋਕਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਤਾਂ ਉਹ ਲੀਕ ਹੁੰਦੇ ਖਾਲ 'ਚੋਂ ਖੇਤਾਂ ਨੂੰ ਪਾਣੀ ਲਗਾ ਲੈਂਦੇ ਹਨ ਤੇ ਜਦੋਂ ਉਨ੍ਹਾਂ ਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਤਾਂ ਉਹ ਪਾਣੀ ਦੀ ਲੀਕੇਜ ਨੂੰ ਬੰਦ ਕਰ ਦਿੰਦੇ ਹਨ ਤੇ ਵਾਟਰ ਵਰਕਸ 'ਚ ਪਾਣੀ ਵਾਧੂ ਹੋ ਜਾਂਦਾ ਹੈ ਪਰ ਹੁਣ ਕਿਸਾਨਾਂ ਵੱਲੋਂ ਝੋਨਾ ਲਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪਾਣੀ ਦੀ ਜ਼ਰੂਰਤ ਹੈ। ਇਸ ਲਈ ਇਹ ਸਮੱਸਿਆ ਆ ਰਹੀ ਹੈ। 
ਕੀ ਕਹਿੰਦੇ ਨੇ ਵਿਭਾਗ ਦੇ ਜੇ. ਈ. ਜਸਪਾਲ ਸਿੰਘ
ਜਦ ਇਸ ਸਬੰਧੀ ਵਿਭਾਗ ਦੇ ਜੇ. ਈ. ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵਾਟਰ ਵਰਕਸ ਨੂੰ ਰਜਬਾਹੇ ਤੋਂ ਖਾਲ ਆਉਂਦਾ ਹੈ ਉਸ ਦੇ ਪਾਣੀ ਨੂੰ ਰਸਤੇ 'ਚ ਝੋਨੇ ਵਾਲੇ ਕਿਸਾਨਾਂ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਸਬੰਧੀ ਪਿੰਡ ਵਾਸੀਆਂ ਨੂੰ ਕਿਹਾ ਕਿ ਜੋ ਕਿਸਾਨ ਪਾਣੀ ਨੂੰ ਚੋਰੀ ਕਰਦੇ ਹਨ ਉਹ ਉਨ੍ਹਾਂ ਵਿਰੁੱਧ ਲਿਖਤੀ ਤੌਰ 'ਤੇ ਦੇ ਦੇਣ, ਜਿਸ 'ਤੇ ਵਿਭਾਗ ਵੱਲੋਂ ਉਕਤ ਕਿਸਾਨਾਂ ਵਿਰੁੱਧ ਪੁਲਸ 'ਚ ਸ਼ਿਕਾਇਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਵਾਟਰ ਵਰਕਸ 'ਤੇ ਹਫਤਾ ਪਹਿਲਾਂ ਹੀ ਚਾਰਜ ਸੰਭਾਲਿਆ ਹੈ। ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।