ਫਿਰਨੀ ''ਤੇ ਖੜ੍ਹਾ ਪਾਣੀ ਲੋਕਾਂ ਲਈ ਬਣਿਆ ਜੀਅ ਦਾ ਜੰਜਾਲ

07/15/2017 6:32:00 AM

ਤਰਨਤਾਰਨ(ਜੁਗਿੰਦਰ ਸਿੱਧੂ)-ਤਰਨਤਾਰਨ ਦੇ ਨਜ਼ਦੀਕੀ ਪਿੰਡ ਬੁੱਘਾ ਤਹਿਸੀਲ ਤਰਨਤਾਰਨ ਦਾ ਵਿਕਾਸ ਪੱਖੋਂ ਬਹੁਤ ਹੀ ਪੱਛੜਿਆ ਹੋਇਆ ਹੈ। ਪੰਜਾਬ ਵਿਚ ਬਦਲਦੇ ਸਮੇਂ ਦੇ ਨਾਲ-ਨਾਲ ਕਈ ਸਰਕਾਰਾਂ ਆਈਆਂ ਅਤੇ ਆਪਣੀ ਡਫਲੀ ਵਜਾ ਕੇ ਤੁਰਦੀਆਂ ਬਣੀਆਂ ਪਰ ਬੁੱਘੇ ਦੇ ਵਿਕਾਸ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਵਿਕਾਸ ਦੇ ਨਾਂ 'ਤੇ ਵੋਟਾਂ ਲੈ ਕੇ ਬਣੀ ਪਿਛਲੀ ਅਕਾਲੀ ਸਰਕਾਰ ਢਿੰਡੋਰਾ ਪਿੱਟਦੀ ਰਹੀ ਪਰ ਪਿੰਡ ਦੇ ਲੋਕਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਤਾਂ ਕੀ ਨਸੀਬ ਹੋਣੀਆਂ ਸਨ ਅਕਾਲੀ ਸਰਕਾਰ ਆਪ ਹੀ ਪਤਾ ਨਹੀਂ ਕਿੱਧਰ ਗੁਆਚ ਗਈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਵਿਚ ਹੋਏ ਲੋਕਾਂ ਦੇ ਇਕੱਠ ਸਮੇਂ ਬਲਦੇਵ ਸਿੰਘ ਸੋਨੂੰ ਪੁੱਤਰ ਪ੍ਰੀਤਮ ਸਿੰਘ ਬੁੱਘਾ, ਜਸਬੀਰ ਸਿੰਘ ਪੁੱਤਰ ਬਲਕਾਰ ਸਿੰਘ ਨੇ ਪਿੰਡ ਬੁੱਘਾ ਦੀ ਫਿਰਨੀ ਦਾ ਰਸਤਾ ਜੋ ਕਿ ਵਾਟਰ ਸਪਲਾਈ ਟੈਂਕੀ ਨੇੜਿਓਂ ਦੋਵੇਂ ਪਾਸਿਉਂ ਸ਼ਮਸ਼ਾਨਘਾਟ ਨੂੰ ਜਾਂਦਾ ਹੈ, ਦੀ ਹਾਲਤ ਬੜੀ ਖਰਾਬ ਤੇ ਤਰਸਦਾਇਕ ਹੈ, ਨੂੰ ਦਿਖਾਉਂਦਿਆਂ ਕੀਤਾ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬਰਸਾਤ ਹੋਵੇ ਜਾਂ ਨਾ ਹੋਵੇ, ਟੈਂਕੀ ਲਾਗੇ ਫਿਰਨੀ 'ਤੇ 12 ਮਹੀਨੇ 30 ਦਿਨ ਘਰਾਂ ਦਾ ਗੰਦਾ ਬਦਬੂਦਾਰ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਫਿਰਨੀ 'ਤੇ ਬਰਸਾਤ ਕਾਰਨ ਪਾਣੀ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਕਾਰਨ ਇਸ ਮੁੱਖ ਰਸਤੇ ਤੋਂ ਲੰਘਣ ਵਾਲੇ ਪੈਦਲ ਲੋਕਾਂ ਅਤੇ ਮੋਟਰਸਾਈਕਲ, ਟਰੈਕਟਰ-ਟਰਾਲੀਆਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪਾਣੀ ਦੇ ਨਿਕਾਸ ਦਾ ਕੋਈ ਖਾਸ ਪ੍ਰੰਬਧ ਨਹੀਂ ਹੈ। ਪਿੰਡ ਵਿਚਾਲੇ ਛੱਪੜ ਦਾ ਵੀ ਇਹੀ ਹਾਲ ਹੈ। ਘਰਾਂ ਦਾ ਗੰਦਾ ਬਦਬੂਦਾਰ ਪਾਣੀ ਲੋਕਾਂ ਲਈ ਜੀਅ ਦਾ ਜੰਜਾਲ ਬਣਿਆ ਹੋਇਆ ਹੈ। ਲੋਕਾਂ ਵਿਚ ਸਥਾਨਕ ਤਰਨਤਾਰਨ ਪ੍ਰਸ਼ਾਸਨ ਅਧਿਕਾਰੀਆਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਲਿਆਂ ਨੇ ਦੱਸਿਆ ਉਹ ਇਹ ਸਾਰਾ ਮਾਮਲਾ ਪਿੰਡ ਦੀ ਪੰਚਾਇਤ ਦੇ ਧਿਆਨ 'ਚ ਕਈ ਵਾਰ ਲਿਆ ਚੁੱਕੇ ਹਨ ਪਰ ਅਫਸੋਸ ਪਰਨਾਲਾ ਉਥੇ ਦਾ ਉਥੇ। ਇਸ ਮੌਕੇ ਇਕੱਤਰ ਲੋਕਾਂ 'ਚ ਅਵਤਾਰ ਸਿੰਘ ਸਾਬਕਾ ਨੰਬਰਦਾਰ, ਸਤਨਾਮ ਸਿੰਘ ਸਾਬਕਾ ਪੰਚਾਇਤ ਮੈਂਬਰ, ਬਲਦੇਵ ਸਿੰਘ ਸੋਨੂੰ, ਜਸਬੀਰ ਸਿੰਘ, ਫੂਲਾ ਸਿੰਘ, ਹਰਭਜਨ ਸਿੰਘ, ਬਾਬਾ ਸਕੱਤਰ ਸਿੰਘ, ਮਲੂਕ ਸਿੰਘ, ਅਜੀਤ ਸਿੰਘ, ਨਿਸ਼ਾਨ ਸਿੰਘ, ਧਰਮਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਮੁਖਤਾਰ ਸਿੰਘ, ਜਸਬੀਰ ਕੌਰ, ਪਲਵਿੰਦਰ ਕੌਰ, ਪ੍ਰਵੀਨ ਕੌਰ ਸਮੇਤ ਹੋਰ ਬਹੁਤ ਸਾਰੀਆਂ ਬੀਬੀਆਂ ਹਾਜ਼ਰ ਸਨ, ਨੇ ਕਾਂਗਰਸ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਹਲਕੇ ਦੇ ਨਵੇਂ ਬਣੇ ਐੱਮ. ਐੱਲ. ਏ. ਸਾਡੇ ਪਿੰਡ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ।